ਜਿੰਦਗੀ ਹਮਵਾਰ ਹੈ

ਜਿੰਦਗੀ ਹਮਵਾਰ ਹੈ ਤਾਂ ਠੀਕ ਹੈ।

ਆਪਣਾ ਸੰਸਾਰ ਹੈ ਤਾਂ ਠੀਕ ਹੈ।

ਫਿਕਰ ਨੇ ਸਿਰ ਤੇ ਮੜਾਸਾ ਕਰ ਲਿਆ,

ਇਹ ਅਗਰ ਦਸਤਾਰ ਹੈ ਤਾਂ ਠੀਕ ਹੈ।

ਹਰ ਕਿਸੇ ਨੂੰ ਕੁਝ ਨਾ ਕੁਝ ਤਾਂ ਹੈ ਅਜੀਜ਼, 

ਇਹ ਬਲਾ ਜੇ ਪਿਆਰ ਹੈ ਤਾਂ ਠੀਕ ਹੈ।

ਸੂਲ ਤੇ ਬੈਠੀ ਹੈ ਤਿੱਤਲੀ ਪਿਆਰ ਦੀ,

ਪਿਆਰ ਜੇ ਵੰਗਾਰ ਹੈ ਤਾਂ ਠੀਕ ਹੈ।

ਇਸ ਲੁਹਾਰਾਂ ਸ਼ਹਿਰ ਵਿਚ ਦੋਸਤੋ !

ਇਕ ਸਰਾਫਾ ਯਾਰ ਹੈ ਤਾਂ ਠੀਕ ਹੈ।

ਬੇਹਿਸੀ ਯਾਰੋ ਸਰਾਸਰ ਮੌਤ ਹੈ,

ਨੂਰ ਹੀ ਜੇ ਨਾਰ ਹੈ ਤਾਂ ਠੀਕ ਹੈ।

ਜਿਸਮ ਦੀਪਕ ਰਾਗ ਭਾਵੇਂ ਗਾ ਰਿਹਾ,

ਰੂਹ ਜੇ ਮਲਹਾਰ ਹੈ ਤਾਂ ਠੀਕ ਹੈ।

ਮੁਹਿੰਮ ਬਾਜ਼ੋ ! ਜ਼ਰਾ ਹੁਸ਼ਿਆਰ ਹੁਣ

ਜ਼ਿੰਦਗੀ ਦਰਕਾਰ ਹੈ ਤਾਂ ਠੀਕ ਹੈ।

📝 ਸੋਧ ਲਈ ਭੇਜੋ