ਇਹ ਜ਼ਿੰਦਗੀ ਇੱਕ ਕਹਾਣੀ ਹੈ, ਟਿੱਬਿਆਂ ਵਿੱਚ ਡੁਲਿਆ ਪਾਣੀ ਹੈ।

ਕਦੋਂ ਮੁੱਕ ਜਾਣਾ, ਕਦੋਂ ਸੁੱਕ ਜਾਣਾ, ਕੋਈ ਪਤਾ ਨਹੀਂ॥

ਕਿਸ ਲਈ ਇਹ ਸਾਰੀ ਭਗਦੜ ਹੈ, ਕਿਹੜੀ ਮੰਜ਼ਿਲ ਹੈ ਜੋ ਪਾਉਣੀ ਹੈ।

ਅਜੇ ਕੱਲ ਦੀ ਗੱਲ ਤਾਂ ਦੂਰ ਬੜੀ, ਮੈਨੂੰ ਇੱਕ ਪਲ ਦਾ ਪਤਾ ਨਹੀਂ॥

ਜ਼ਿੰਦਗੀ ਦੀ ਇਹ ਰੇਲ ਗੱਡੀ, ਸਟੇਸ਼ਨ ਤੇ ਦੋ ਪਲ ਰੁਕੀ ਹੋਈ।

ਗਾਰਡ ਨੇ ਝੰਡੀ ਦੇ ਦੇਣੀ, ਕਦੋਂ ਤੁਰ ਜਾਣਾ ਕੁੱਝ ਪਤਾ ਨਹੀਂ॥

ਲੈ ਨਦੀ ਕਿਨਾਰੇ ਬੈਠੇ ਹਾਂ, ਇਹ ਮਿੱਟੀ ਦਾ ਜੋ ਘਰ ਯਾਰਾ।

ਕੋਈ ਛੱਲ ਸ਼ੂਕਦੀ ਆਊਗੀ, ਕਦੋਂ ਖੁਰ ਜਾਣਾ ਕੁੱਝ ਪਤਾ ਨਹੀਂ॥

"ਮੰਡੇਰ" ਤੂੰ ਦੋ ਪਲ ਹੱਸਣਾ ਸੀ, ਆਪਣਿਆ ਦੇ ਦਿਲ ਵਿੱਚ ਵੱਸਣਾ ਸੀ,

ਇਹ ਕੰਮ ਵੀ ਤੈਥੋਂ ਹੋਏ ਨਾ, ਤੈਨੂੰ ਹੋਰ ਕਿਸੇ ਕੰਮ ਦਾ ਪਤਾ ਨਹੀਂ,

ਇਹ ਬਿਨਾ ਟਿਕਟ ਦੀ ਡਾਕ ਜਿਹਾ, ਆਵੇ ਨਾ ਆਵੇ, ਦਮ ਦਾ ਪਤਾ ਨਹੀਂ॥

📝 ਸੋਧ ਲਈ ਭੇਜੋ