ਜ਼ਿੰਦਗੀ ਕਾਫ਼ੀ ਦੀ ਇਕ ਪਿਆਲੀ

ਕਾਫ਼ੀ ਕਾਲੀ,

ਇਕ ਪਿਆਲੀ ਪੌਲੀ ਮੁੱਲ ਦੀ, 

ਰੂਹ ਕਾਲੀ ਕਾਫ਼ੀ ਤੇ ਡੁਲ੍ਹਦੀ 

ਆਓ ਬੈਠੋ ਇਕ ਪਿਆਲੀ 

ਪੀਓ ਕਾਹਦਾ ਘਾਟਾ

“ਦਿਲ ਦਰਿਆ ਸਮੁੰਦਰੋਂ ਡੂੰਘੇ” 

ਬੰਦਾ ਸ਼ਾਹਾਂ ਦਾ ਸ਼ਾਹ ਹੁੰਦਾ 

ਜੇ ਪਰ ਜੇਬ ਨਾ ਹੋਵੇ ਖ਼ਾਲੀ।

ਪਿਰਚ ਖੜਕਦੀ ਹੁੰਦਾ ਪਰਿਚੈ 

ਆਓ ਬੈਠੋ ਪੀਓ ਇਕ ਪਿਆਲੀ 

ਜਣੇ ਖਣੇ ਨੂੰ ਮਿਲ ਕੇ ਖ਼ੁਸ਼ੀਆਂ ਹੁੰਦੀਆਂ 

ਦੋ ਪਲ ਕਠੇ ਬਹਿ ਕੇ

ਜਾਂਦੇ ਜਾਂਦੇ

ਲੋਕ ਵਟਾ ਲੈਂਦੇ ਨੇ ਮੁੰਦੀਆਂ

ਯਾਰੀ ਇਕ ਪਿਆਲੀ ਮੁਲ ਦੀ

ਕਿਥੋਂ ਦੀ ਕਾਲਖ ਧੁਲਦੀ

ਕਾਫ਼ੀ ਭੈਣ ਸੁਰੱਸਵਤੀ ਦੀ

ਭਾਵੇਂ ਕੌੜੀ

ਦੁਨੀਆ ਵਿਚ ਕੋਈ

ਮਿਲਦਾ ਮੂਰਖ ਟਾਵਾਂ ਟਾਵਾਂ 

ਅਕਲ ਅਸਾਂ ਹੈ ਘੁੱਟੋ ਵੱਟੀ ਪੀਤੀ 

ਖੰਭ ਇਲਮ ਦੇ ਲਾ ਕੇ ਹੋਏ ਉਡਾਰੂ 

ਸਿਗਰਟ ਸਿਰ ਤੋਂ ਰਾਖ ਝਾੜ ਕੇ 

ਇਕ ਫ਼ਿਕਰੇ ਦਾ ਮਾਰ ਵਲਾਵਾਂ 

ਗਾਹ ਸੁਟਦੇ ਹਾਂ ਸਾਰੀ ਸ੍ਰਿਸ਼ਟੀ 

ਲੰਮੀ ਚੌੜੀ।

ਕੋਈ ਖ਼ੁਦਾ ਨੂੰ ਬਟੂਏ ਦੇ ਵਿਚ ਪਾਉਂਦਾ ਜਾਪੇ 

ਕੋਈ ਆਪਣੀ ਸਾਰੀ ਜ਼ਿੰਦਗੀ ਕਾਫ਼ੀ ਦੇ ਚਮਚੇ ਵਿਚ ਨਾਪੇ

ਕੋਈ ਰੂਹ ਜਾਂ ਰੂਹ ਸੰਗ ਜੁੜਦੀ

ਕੋਈ ਮੱਛੀ 

ਦਿਲ ਦਾ ਪੱਥਰ ਚੱਟ ਕੇ ਮੁੜਦੀ

ਕੋਈ ਲਾਉਂਦਾ ਇਸ਼ਕ ਦੇ ਕੋਠੇ ਸਿਦਕ ਦੀ ਪੌੜੀ। 

ਮਿੱਠੀ ਮਿੱਠੀ ਖੰਡ ਖੋਰ ਕੇ

ਮਿੱਠੀ ਮਿੱਠੀ ਗੱਲ ਭੋਰ ਕੇ

ਨਿੱਕੀ ਨਿੱਕੀ ਚੁਸਕੀ ਲਈਏ 

ਕਾਫ਼ੀ ਫਿਰ ਕੌੜੀ ਦੀ ਕੌੜੀ

ਕਾਫ਼ੀ ਬੜੀ ਮਸ਼ੂਕ ਹੈ ਚੰਗੀ 

ਹੋ ਕੇ ਗਰਮ ਸਾਹਮਣੇ ਆਉਂਦੀ 

ਛੱਲੇਦਾਰ ਭੂਰੀਆਂ ਜ਼ੁਲਫ਼ਾਂ ਨੂੰ ਲਹਿਰਾਉਂਦੀ 

ਜਿੰਨਾਂ ਚਿਰ ਵੀ ਚਾਹੋ

ਹੱਸ ਹੱਸ ਕੇ ਬੁਲ੍ਹ ਚਮਾਉਂਦੀ।

ਕਾਫ਼ੀ ਚੱਪਣੀ ਜਿੰਨੀ ਡੂੰਘੀ 

ਦੇਸ਼ ਦੀ ਹਾਲਤ ਕਿੰਨੀ ਮੰਦੀ 

ਰਿਸ਼ਵਤ ਖ਼ੋਰੀ ਅੱਤਿਆਚਾਰੀ 

ਭੁੱਖ ਨੰਗ ਤੇ ਬੇ-ਰੁਜ਼ਗਾਰੀ 

ਇਹ ਨਕਟਾਈ ਇਸ ਸੂਟ ਨਾਲ 

ਸੋਹਣਾ ਮੈਚ ਹੈ ਕਰਦੀ। 

ਇਕੋ ਨਜ਼ਰ ਕਾਲਜਾ ਧੂੰਹਦੀ 

ਇਕੋ ਗੱਲ ਕਾਲਜਾ ਲੂੰਹਦੀ 

ਦੇਸ਼ ਦੀ ਹਾਲਤ ਕਿੰਨੀ ਮੰਦੀ 

ਹੋਵੇ ਸ਼ਰਮ ਹਯਾ ਜੇ ਚੂਲੀ 

ਕਾਫ਼ੀ ਨੱਕ ਡੋਬਣ ਨੂੰ ਕਾਫ਼ੀ।

ਕਾਫੀ ਚੱਪਣੀ ਜਿੰਨੀ ਡੂੰਘੀ

ਕਾਫ਼ੀ ਬੜੀ ਮਸ਼ੂਕ ਹੈ ਚੰਗੀ

ਕਾਫ਼ੀ ਕੌੜੀ

ਕਾਫ਼ੀ ਕਾਲੀ

ਪੌਲੀ ਮੁਲ ਦੀ ਇਕ ਪਿਆਲੀ।

📝 ਸੋਧ ਲਈ ਭੇਜੋ