ਜਿੰਦਗੀ

ਜਿੰਦਗੀ ਨੂੰ

ਕਿਤਾਬ ਵਾਂਗ ਫੇਰ ਤੋਂ ਨਹੀਂ ਪੜ੍ਹਿਆ ਜਾ ਸਕਦਾ

ਚੰਗੀ ਤਰਾਂ ਪੜ੍ਹਨ ਤੋਂ ਪਹਿਲਾਂ

ਨਜ਼ਰ ਨਹੀਂ ਮਾਰ ਸਕਦੇ ਮੋਟੀ ਮੋਟੀ

ਕੁੱਝ ਪੈਰ੍ਹੇ, ਕੁੱਝ ਫਿਕਰੇ

ਬਿਨਾਂ ਸਮਝਿਆਂ

ਨਹੀਂ ਨਿਕਲ ਸਕਦੇ

ਇਸ ਉਮੀਦ ਨਾਲ

ਕਿ ਜੋ ਗੱਲਾਂ ਇੱਕ ਵਾਰ ਪੜ੍ਹਦਿਆਂ

ਸਮਝ ਨਹੀਂ ਆਈਆਂ

ਉਹ ਅਗਲੀ ਵਾਰ ਸਮਝ ਜਾਣਗੀਆਂ

ਨਾ ਹੀ ਇਸ ਨੂੰ ਸੰਭਾਲ ਕੇ ਰੱਖ ਸਕਦੇ ਹਾਂ

ਕਿਸੇ ਹੋਰ ਵਕਤ ਪੜ੍ਹਨ ਲਈ

ਤਸੱਲੀ ਨਾਲ, ਅਰਾਮ ਨਾਲ

ਹੌਲੋ ਹੌਲੇ

ਇਸ ਕਿਤਾਬ ਦਾ ਕੋਈ ਵੀ ਪਲਟਿਆ ਵਰਕਾ

ਵਾਪਿਸ ਨਹੀਂ ਖੋਲ੍ਹਿਆ ਜਾ ਸਕਦਾ

ਪੜ੍ਹਿਆ ਜਾ ਚੁੱਕਾ ਇੱਕ ਅੱਖਰ ਵੀ

ਦੁਬਾਰਾ ਤੋਂ ਨਹੀਂ ਪੜ੍ਹਿਆ ਜਾ ਸਕਦਾ

ਕੋਈ ਹੋਰ ਰਸਤਾ ਨਹੀਂ ਹੈ ਮੇਰੇ ਕੋਲ

ਕਿ ਹਰ ਵਰਕੇ, ਹਰ ਸਤਰ, ਹਰ ਅੱਖਰ ਨੂੰ

ਆਖਰੀ ਵਾਰ ਮਿਲਾਂ

ਆਖਰੀ ਵਾਰ

ਹਰ ਸਫੇ ਦੀ ਖੁਸ਼ਬੂ ਨੂੰ ਮਹਿਸੂਸ ਕਰਾਂ

ਹਰ ਸਤਰ ਦਾ ਰਿਦਮ ਸੁਣਾਂ

ਹਰ ਅੱਖਰ ਦੀਆਂ ਗੋਲਾਈਆਂ ਤੇ ਕੋਨਿਆਂ ਨੂੰ

ਨੀਝ ਨਾਲ ਦੇਖਾਂ

ਜਿਵੇਂ ਵਿਛੜਨ ਵੇਲੇ

ਕਿਸੇ ਆਪਣੇ ਨੂੰ ਦੇਖੀਦਾ ਹੈ

ਜਿਵੇਂ ਫਾਂਸੀ ਚੜ੍ਹਨ ਤੋਂ ਪਹਿਲਾਂ

ਪਰਿਵਾਰ ਨਾਲ ਆਖਰੀ ਮੁਲਾਕਾਤ ਹੁੰਦੀ ਹੈ

📝 ਸੋਧ ਲਈ ਭੇਜੋ