ਬੰਦ ਹੋਈਏ ਅਸੀਂ
ਭਾਵੇਂ ਕਿੰਨੇ ਹੀ ਦਰਵਾਜ਼ਿਆਂ ਪਿੱਛੇ
ਟੁੱਟ ਨਹੀਂ ਸਕਦਾ ਪਰ
ਜ਼ਿੰਦਗੀ ਨਾਲੋਂ ਸਾਡਾ ਸਬੰਧ।
ਇਨ੍ਹਾਂ ਕੰਧਾਂ ਦੀ ਹੈਰਾਨ ਚੁੱਪ
ਸੌ ਸੌ ਵਾਰ ਪੁੱਛਦੀ ਹੈ ਸਾਥੋਂ
ਹੱਦਾਂ ਨੂੰ ਚੀਰ ਜਾਣ ਵਾਲੀ
ਸਾਡੀ ਨਜ਼ਰ ਦਾ ਭੇਤ।
ਬੰਦ ਦਰਵਾਜ਼ੇ ਦੀਆਂ ਸੀਖਾਂ
ਕਰਨਾ ਚਾਹੁੰਦੀਆਂ ਨੇ ਆਪਣਾ ਮੌਨ ਭੰਗ
ਸਾਡੇ ਹੱਥਾਂ ਵਿੱਚ
ਕਿਰਤ ਜਾਂ ਯੁੱਧ ਦੇ ਹਥਿਆਰ ਬਣ ਕੇ।
ਸਰਘੀ ਦੀ ਸਿੱਲ੍ਹੀ ਸਿੱਲ੍ਹੀ ਪੌਣ
ਰੋਜ਼ ਲੈ ਕੇ ਆਉਂਦੀ ਹੈ
ਆਪਣੀ ਬੁੱਕਲ ‘ਚ
ਨੇਰ੍ਹੇ ਵਿਰੁੱਧ ਜੂਝਦੇ ਯਾਰਾਂ ਦੇ ਸੰਦੇਸ਼।
ਕੋਸੀ ਧੁੱਪ ‘ਚ ਲਿਸ਼ਕ ਉਠਦਾ ਹੈ
ਧਰਤੀ ਦਾ ਗੋਰਾ ਤੇ ਭਰਵਾਂ ਜਿਸਮ
ਜਿਸ ਵਿਚੋਂ ਜ਼ਿੰਦਗੀ ਦੀ
ਹਰ ਖੂਬਸੂਰਤੀ ਜਨਮ ਹੈ ਲੈਂਦੀ।
ਸੀਖਾਂ ਉਹਲੇ ਰੋਜ਼ ਹਾਂ ਤੱਕਦੇ ਅਸੀਂ
ਅਸਮਾਨ ਦੀ ਡੂੰਘੀ ਪਿਆਰੀ
ਨੀਲੱਤਣ ਦੇ ਇਸ਼ਾਰੇ।
ਸੀਖਾਂ ਉਹਲੇ ਰੋਜ਼ ਹਾਂ ਸੁਣਦੇ ਅਸੀਂ
ਸੱਜਰੇ ਫੁੱਟੇ ਰੁੱਖਾਂ ਦੇ
ਮੁਸਕਰਾਉਂਦੇ ਬਾਲ-ਬੁੱਲ੍ਹਾਂ ਜਿਹੇ
ਕੂਲੇ ਸਾਵੇ ਪੱਤਿਆਂ ਦੇ ਤੋਤਲੇ ਬੋਲ
ਤੇ ਪੰਛੀਆਂ ਦੇ ਅਨੇਕ ਭਾਂਤ ਦੇ
ਜਾਦੂ ਭਰੇ ਰਾਗ।
ਟਿਕੀ ਦੁਪਹਿਰ 'ਚ ਲੱਭਦੇ ਹਾਂ ਅਸੀਂ
ਛਪੇ ਹਰਫ਼ਾਂ 'ਚੋਂ
ਜਾਂ ਉਸਲਵੱਟੇ ਲੈਂਦੀਆਂ ਸੋਚਾਂ 'ਚੋਂ
ਬੀਤੇ ਦੀਆਂ ਹਾਰਾਂ ਜਿੱਤਾਂ
ਹੁਣ ਦੀਆਂ ਜਦੋ-ਜਹਿਦਾਂ ਤੇ ਜ਼ੁੰਮੇਵਾਰੀਆਂ
ਆਉਣ ਵਾਲੇ ਸਮੇਂ ਦੇ ਗੂੜ੍ਹੇ ਇਕਰਾਰ।
ਮਚਲਣ ਲਾ ਦਿੰਦੀ ਹੈ
ਕਿੰਨੀਆਂ ਦੱਬੀਆਂ ਇਛਾਵਾਂ ਨੂੰ
ਡੂੰਘੀ ਹੁੰਦੀ ਸ਼ਾਮ ਵਿਚ
ਤਾਰਿਆਂ ਦੀ ਚੁੱਪ-ਤੱਕਣੀ।
ਚੰਨ ਚਾਨਣੀ ਬੇਸ਼ਕ ਸੰਗਦੀ
ਸੀਖਾਂ ਦੇ ਅੰਦਰ ਆਉਣੋਂ ਝਿਜਕਦੀ ਹੈ
ਪਰ ਸਾਹਮਣੇ ਆਂਗਣ ਵਿਚ ਡੋਲ੍ਹ ਦਿੰਦੀ
ਦਿਲ ਦੇ ਸਾਰੇ ਚਾਅ, ਸਾਰਾ ਲਾਡ ਪਿਆਰ।
ਕੀ ਏਨਾ ਕੁਝ ਕਾਫੀ ਨਹੀਂ ?
ਜ਼ਿੰਦਗੀ ਦੀਆਂ ਧੜਕਣਾਂ ਵਿੱਚ
ਹੋਰ ਵੇਗ, ਹੋਰ ਜੁਰੱਅਤ ਭਰਨ ਲਈ ?
ਇਨ੍ਹਾਂ ਬੂਹਿਆਂ ਤੇ ਕੰਧਾਂ ਦਾ ਕੀ ਹੈ ?
ਬੂਹੇ ਖੋਲ੍ਹ ਦਿੱਤੇ ਜਾਣਗੇ
ਜਾਂ ਤੋੜ ਦਿੱਤੇ ਜਾਣਗੇ
ਕੰਧਾਂ ਕਹਿਣਗੀਆਂ ਆਪਣੇ ਆਪ ਹੀ
ਜ਼ੁਲਮ ਦੇ ਸਾਕੇ ਤੇ ਸਿਦਕ ਦੇ ਕਿੱਸੇ ।