ਜ਼ਿੰਦਗੀ ਵਿਚ ਦਰਦ ਕਿਉਂ

ਜ਼ਿੰਦਗੀ ਵਿਚ ਦਰਦ ਕਿਉਂ ਏਦਾਂ ਉਤਰ ਜਾਏ ਜਿਵੇਂ

ਰਾਤ ਦੇ ਪਹਿਲੂ 'ਚ ਕੋਈ ਚੰਨ ਮਰ ਜਾਏ ਜਿਵੇਂ

ਇਸ ਤਰ੍ਹਾਂ ਸਾਹਿਲ 'ਤੇ ਕੇ ਮੁੜ ਗਿਆ ਕੋਈ ਫ਼ਕੀਰ

ਲਹਿਰ ਦੇ ਹੋਠਾਂ ਤੇ ਅਪਣੀ ਪਿਆਸ ਧਰ ਜਾਏ ਜਿਵੇਂ

ਇਸ ਕਦਰ ਛਾਇਆ ਹੈ ਤੇਰਾ ਇਸ਼ਕ ਮੇਰੀ ਜਾਨ 'ਤੇ

ਟੁੱਟ ਕੇ ਆਕਾਸ਼ ਧਰਤੀ 'ਤੇ ਬਿਖਰ ਜਾਏ ਜਿਵੇਂ

ਪੈਰ ਪੁੱਟਣ ਲੱਗਿਆਂ ਹੁਣ ਇਸ ਤਰ੍ਹਾਂ ਆਉਂਦਾ ਹੈ ਖ਼ੌਫ਼

ਸ਼ੌਕ ਦਾ ਪਿਆਲਾ ਕਿਨਾਰੇ ਤੀਕ ਭਰ ਜਾਏ ਜਿਵੇਂ

ਇਕ ਦੁਰਾਹੇ 'ਤੇ ਮੇਰੇ ਅਹਿਸਾਸ ਏਦਾਂ ਜੰਮ ਗਏ

ਧਰਤ ਦੇ ਸੀਨੇ 'ਚੋਂ ਸਾਰੀ ਅਗਨ ਠਰ ਜਾਏ ਜਿਵੇਂ

ਇਸ ਤਰਾਂ ਆਇਆ ਤੇ ਕੇ ਹੋ ਗਿਆ ਰੁਖ਼ਸਤ ਕੋਈ

ਇਸ਼ਕ ਦੀ ਬਲਦੀ ਤਲੀ 'ਤੇ ਬਰਫ਼ ਧਰ ਜਾਏ ਜਿਵੇਂ

ਵਿਲਕਦਾ ਕੋਰਾ ਸਫ਼ਾ ਤੇ ਚੁੱਪ ਹੈ ਏਦਾਂ ਕਲਮ

ਡੰਗ ਕੇ ਜੋਗੀ ਨੂੰ ਨਾਗਣ ਆਪ ਮਰ ਜਾਏ ਜਿਵੇਂ

📝 ਸੋਧ ਲਈ ਭੇਜੋ