ਜਿੰਦੜੀ ਦਾਅ ਤੇ ਲਾਵਾਂ

ਜਿੰਦੜੀ ਦਾਅ ਤੇ ਲਾਵਾਂ ਇਹ ਹੋ ਨਹੀਂ ਸਕਦਾ ।

ਉਹਨੂੰ ਮੈਂ ਭੁੱਲ ਜਾਵਾਂ ਇਹ ਹੋ ਨਹੀਂ ਸਕਦਾ ।

ਜਿਸ ਦੀਆਂ ਸਭ ਬੁਨਿਆਦਾਂ ਵਿਚ ਏ ਮੇਰਾ ਖ਼ੂਨ,

ਓਸ ਮਕਾਨ ਨੂੰ ਢਾਵਾਂ ਇਹ ਹੋ ਨਹੀਂ ਸਕਦਾ ।

ਜੁਗਨੂੰ, ਚੰਨ, ਸਿਤਾਰੇ, ਫੁਲ ਤੇ ਖ਼ੁਸ਼ਬੂ ਦਾ,

ਮੈਂ ਹੱਕਦਾਰ ਸਦਾਵਾਂ ਇਹ ਹੋ ਨਹੀਂ ਸਕਦਾ ।

ਜੋ ਨਹੀਂ ਲਿਖਿਆ ਕਿਸਮਤ ਦੇ ਵਿਚ ਉਹਦੇ ਲਈ

ਜੱਗ ਦੇ ਤਰਲੇ ਪਾਵਾਂ ਇਹ ਹੋ ਨਹੀਂ ਸਕਦਾ ।

ਆਸਾਂ ਅਤੇ ਉਮੀਦਾਂ ਵਾਲੇ ਸਾਰੇ ਦੀਪ,

ਆਪਣੇ ਆਪ ਬੁਝਾਵਾਂ ਇਹ ਹੋ ਨਹੀਂ ਸਕਦਾ ।

ਖ਼ਾਸਾਂ ਦੇ ਨਾਕਾਮੀ ਦੇ ਇਸ ਮੇਲੇ ਚੋਂ,

ਖ਼ਾਲੀ ਹੱਥ ਮੈਂ ਜਾਵਾਂ ਇਹ ਹੋ ਨਹੀਂ ਸਕਦਾ ।

ਦਿਲ ਕਮਲੇ ਦੇ ਆਖੇ ਲੱਗ ਕੇ ਕੰਧਾਂ ਨੂੰ,

ਮੈਂ ਹਮਰਾਜ਼ ਬਣਾਵਾਂ ਇਹ ਹੋ ਨਹੀਂ ਸਕਦਾ ।

ਆਢਾ ਲਾ ਕੇ 'ਸ਼ਾਹਿਦ' ਅੱਥਰੇ ਵੇਲੇ ਨਾਲ,

ਆਪਣਾ ਮੁੱਲ ਘਟਾਵਾਂ ਇਹ ਹੋ ਨਹੀਂ ਸਕਦਾ ।

📝 ਸੋਧ ਲਈ ਭੇਜੋ