ਜਿੰਦੇ ਨੀ! ਤੂੰ ਕੀਕਣ ਜੰਮੀ

ਜਿੰਦੇ ਨੀ! ਤੂੰ ਕੀਕਣ ਜੰਮੀ

ਪੈਰ ਪੈਰ 'ਤੇ ਨਿਤ ਬਖੇੜੇ

ਜੀਵਣ ਦੀ ਰਾਹ ਲੰਮੀ

ਜਿੰਦੇ ਨੀ! ਤੂੰ ਕੀਕਣ ਜੰਮੀ

ਜਿੰਦੇ ਨੀ! ਕੀ ਲੱਛਣ ਤੇਰੇ

ਫਨੀਅਰ ਨਾਲ ਯਰਾਨੇ ਵੀ ਨੇ

ਜੋਗੀ ਵੱਲ ਵੀ ਫੇਰੇ

ਜਿੰਦੇ ਨੀ! ਕੀ ਸਾਕ ਸਹੇੜੇ

ਇਕ ਬੁੱਕਲ਼ ਵਿਚ ਰਾਂਝਣ ਮਾਹੀ

ਦੂਜੀ ਦੇ ਵਿੱਚ ਖੇੜੇ

ਜਿੰਦੇ ਨੀ! ਕੀ ਕਾਰੇ ਕੀਤੇ

ਆਪੇ ਆਸ ਦੇ ਚੋਲ਼ੇ ਪਾੜੇ

ਆਪੇ ਬਹਿ ਕੇ ਸੀਤੇ!

ਜਿੰਦੇ ਨੀ! ਤੱਕ ਚੇਤ ਵਿਸਾਖਾਂ

ਤੂੰ ਫਿਰਦੀ ਐਂ ਮੈਲ਼ ਕੁਚੈਲ਼ੀ

ਦੱਸ! ਤੈਨੂੰ ਕੀ ਆਖਾਂ?

ਜਿੰਦੇ ਨੀ! ਤੇਰਾ ਕਾਰਜ ਕੂੜਾ

ਸਿਰ ਤੇ ਸ਼ਗਨਾਂ ਵਾਲੀਆਂ ਘੜੀਆਂ

ਕੱਢ ਵਿਛਾਇਆ ਫੂਹੜਾ!!

ਜਿੰਦੇ ਨੀ! ਤੈਨੂੰ ਕਿਹੜਾ ਦੱਸੇ

ਲੂੰ ਲੂੰ ਤੇਰਾ ਐਬਾਂ ਭਰਿਆ

ਮੌਤ ਵਟੇਂਦੀ ਰੱਸੇ

ਜਿੰਦੇ ਨੀ! ਤੇਰੇ ਸਾਹ ਨਕਾਰੇ

ਮੋਏ ਮੂੰਹ ਨਾਲ ਬੈਠੀ ਏਂ

ਜੀਵਨ ਦੇ ਦਰਬਾਰੇ

ਜਿੰਦੇ ਨੀ! ਕੀ ਅੱਤਾਂ ਚਾਈਆਂ

ਹੱਸ ਖੇਡਣ ਦੀ ਵਿਹਲ ਨਾ ਤੈਨੂੰ

ਕਰਦੀ ਫਿਰੇਂ ਲੜਾਈਆਂ

ਜਿੰਦੇ ਨੀ! ਕੀ ਵੇਲ਼ੇ ਆਏ

ਇਕ ਦੂਜੇ ਦੀ ਜਾਨ ਦੇ ਵੈਰੀ

ਇੱਕੋ ਮਾਂ ਦੇ ਜਾਏ

ਜਿੰਦੇ ਨੀ! ਤੇਰੇ ਜੀਵਣ ਮਾਪੇ

ਆਪੇ ਹੱਥੀਂ ਡੋਲੀ ਚਾੜ੍ਹਨ

ਆਪੇ ਕਰਨ ਸਿਆਪੇ

ਜਿੰਦੇ ਨੀ! ਕਿਸ ਟੂਣੇ ਕੀਤੇ

ਦਿਲ ਦਰਿਆ ਤੇ ਨੈਣ ਸਮੁੰਦਰ

ਰੋਵਣ ਬੈਠੇ ਚੁਪ ਚੁਪੀਤੇ

ਜਿੰਦੇ ਨੀ! ਕੀ ਖੇਡਾਂ ਹੋਈਆਂ

ਪਿਓ ਪੁੱਤਰਾਂ ਦੇ ਪੈਰੀਂ ਪੈ ਕੇ

ਮਾਵਾਂ ਧੀਆਂ ਰੋਈਆਂ

ਜਿੰਦੇ ਨੀ! ਕੀ ਕਾਜ ਕਮਾਏ

ਜਿੰਨੇ ਵੀ ਤੂੰ ਸੰਗ ਸਹੇੜੇ

ਰੂਹ ਦੇ ਮੇਚ ਨਾ ਆਏ

ਜਿੰਦੇ ਨੀ! ਕੀ ਹੋਣੀਆਂ ਹੋਈਆਂ

ਇਸ਼ਕੇ ਦੇ ਘੱਰ ਰਹਿ ਕੇ ਅੱਖੀਆਂ

ਨਾ ਹੱਸੀਆਂ ਨਾ ਰੋਈਆਂ

ਜਿੰਦੇ ਨੀ! ਤੇਰੇ ਸਾਹ ਕਚਾਵੇ

ਰੋਜ਼ ਦਿਹਾੜੇ ਮਰਨਾ ਪੈਂਦਾ

ਫਿਰ ਵੀ ਮੌਤ ਡਰਾਵੇ

📝 ਸੋਧ ਲਈ ਭੇਜੋ