ਜਿੰਦੇ ਨੀ! ਤੂੰ ਕੀਕਣ ਜੰਮੀ
ਪੈਰ ਪੈਰ 'ਤੇ ਨਿਤ ਬਖੇੜੇ
ਜੀਵਨ ਦੀ ਰਾਹ ਲੰਮੀ
ਜਿੰਦੇ ਨੀ! ਤੂੰ ਕੀਕਣ ਜੰਮੀ
ਜਿੰਦੇ ਨੀ!ਕੀ ਲੱਛਣ ਤੇਰੇ
ਫਨੀਅਰ ਨਾਲ ਯਰਾਨੇ ਵੀ ਨੇ
ਜੋਗੀ ਵੱਲ ਵੀ ਫੇਰੇ
ਜਿੰਦੇ ਨੀ!ਕੀ ਲੱਛਣ ਤੇਰੇ
ਜਿੰਦੇ ਨੀ!ਕੀ ਸਾਕ ਸਹੇੜੇ
ਇੱਕ ਬੁੱਕਲ ਵਿੱਚ ਰਾਂਝਣ ਮਾਹੀ
ਦੂਜੀ ਦੇ ਵਿੱਚ ਖੇੜੇ
ਜਿੰਦੇ ਨੀ! ਕੀ ਸਾਕ ਸਹੇੜੇ
ਜਿੰਦੇ ਨੀ!ਕੀ ਕਾਰੇ ਕੀਤੇ !
ਆਪੇ ਆਸ ਦੇ ਚੋਲੇ ਪਾੜੇ
ਆਪੇ ਬਹਿ ਕੇ ਸੀਤੇ!
ਜਿੰਦੇ ਨੀ! ਕੀ ਕਾਰੇ ਕੀਤੇ!
ਜਿੰਦੇ ਨੀ!ਤੱਕ ਚੇਤ ਵਸਾਖਾਂ
ਤੂੰ ਫਿਰਦੀ ਐਂ ਮੈਲ ਕੁਚੈਲੀ
ਦੱਸ! ਤੈਨੂੰ ਕੀ ਆਖਾਂ
ਜਿੰਦੇ ਨੀ! ਤੱਕ ਚੇਤ ਵਸਾਖਾਂ
ਜਿੰਦੇ ਨੀ! ਤੈਨੂੰ ਕਿਹੜਾ ਦੱਸੇ
ਲੂੰ ਲੂੰ ਤੇਰਾ ਐਬਾਂ ਭਰਿਆ
ਮੌਤ ਵਟੇਂਦੀ ਰੱਸੇ
ਜਿੰਦੇ ਨੀ! ਤੈਨੂੰ ਕਿਹੜਾ ਦੱਸੇ
ਜਿੰਦੇ ਨੀ! ਤੇਰੇ ਸਾਹ ਨਕਾਰੇ
ਮੋਏ ਮੂੰਹ ਨਾਲ ਆ ਬੈਠੀ ਏਂ
ਜੀਵਨ ਦੇ ਦਰਬਾਰੇ
ਜਿੰਦੇ ਨੀ! ਤੇਰੇ ਸਾਹ ਨਕਾਰੇ
ਜਿੰਦੇ ਨੀ! ਕੀ ਅੱਤਾਂ ਚਾਈਆਂ
ਹੱਸ ਖੇਡਣ ਦੀ ਵਿਹਲ ਨਾ ਤੈਨੂੰ
ਕਰਦੀ ਫਿਰੇਂ ਲੜਾਈਆਂ
ਜਿੰਦੇ ਨੀ! ਕੀ ਅੱਤਾਂ ਚਾਈਆਂ
ਜਿੰਦੇ ਨੀ!ਕੀ ਵੇਲੇ ਆਏ
ਇੱਕ ਦੂਜੇ ਦੀ ਜਾਨ ਦੇ ਵੈਰੀ
ਇੱਕੋ ਮਾਂ ਦੇ ਜਾਏ
ਜਿੰਦੇ ਨੀ!ਕੀ ਵੇਲੇ ਆਏ
ਜਿੰਦੇ ਨੀ! ਤੇਰੇ ਜੀਵਨ ਮਾਪੇ
ਆਪੇ ਹੱਥੀਂ ਡੋਲੀ ਚਾੜ੍ਹਨ
ਆਪੇ ਕਰਨ ਸਿਆਪੇ
ਜਿੰਦੇ ਨੀ! ਤੇਰੇ ਜੀਵਨ ਮਾਪੇ
ਜਿੰਦੇ ਨੀ! ਕਿਸ ਟੂਣੇ ਕੀਤੇ
ਦਿਲ ਦਰਿਆ ਤੇ ਨੈਣ ਸਮੁੰਦਰ
ਭਰ ਗਏ ਚੁੱਪ ਚੁਪੀਤੇ
ਜਿੰਦੇ ਨੀ!ਕਿਸ ਟੂਣੇ ਕੀਤੇ
ਜਿੰਦੇ ਨੀ!ਕੀ ਖੇਡਾਂ ਹੋਈਆਂ
ਪਿਓ ਪੁੱਤਰਾਂ ਦੇ ਪੈਰੀਂ ਪੈ ਕੇ
ਮਾਵਾਂ ਧੀਆਂ ਰੋਈਆਂ
ਜਿੰਦੇ ਨੀ!ਕੀ ਖੇਡਾਂ ਹੋਈਆਂ
ਜਿੰਦੇ ਨੀ!ਕੀ ਕਾਜ ਕਮਾਏ
ਜਿੰਨੇ ਵੀ ਤੂੰ ਸੰਗ ਸਹੇੜੇ
ਰੂਹ ਦੇ ਮੇਚ ਨਾ ਆਏ
ਜਿੰਦੇ ਨੀ! ਕੀ ਕਾਜ ਕਮਾਏ
ਜਿੰਦੇ ਨੀ!ਕੀ ਹੋਣੀਆਂ ਹੋਈਆਂ
ਇਸ਼ਕੇ ਦੇ ਘਰ ਰਹਿ ਕੇ ਅੱਖੀਆਂ
ਨਾ ਹੱਸੀਆਂ ਨਾ ਰੋਈਆਂ
ਜਿੰਦੇ ਨੀ!ਕੀ ਹੋਣੀਆਂ ਹੋਈਆਂ
ਜਿੰਦੇ ਨੀ! ਤੇਰੇ ਸਾਹ ਕਚਾਵੇ
ਰੋਜ਼ ਦਿਹਾੜੇ ਮਰਨਾ ਪੈਂਦਾ
ਫਿਰ ਵੀ ਮੌਤ ਨਾ ਆਵੇ
ਜਿੰਦੇ ਨੀ! ਤੇਰੇ ਸਾਹ ਕਚਾਵੇ