ਜਿੰਦੂ ਦੇ ਬਾਗ਼ੀਂ

ਜਿੰਦੂ ਦੇ ਬਾਗ਼ੀਂ

ਦਰਦਾਂ ਦਾ ਬੂਟੜਾ

ਗੀਤਾਂ ਦਾ ਮਿਰਗ ਚਰੇ

ਹਿਜਰਾਂ ਦੀ ਵਾਉ

ਵਗੇ ਅੱਧ-ਰੈਣੀ

ਕੋਈ ਕੋਈ ਪੱਤ ਕਿਰੇ ।

ਕੋਈ ਕੋਈ ਪੱਤ

ਕਿਰੇ ਮਾਏ ਮੇਰੀਏ

ਬਾਗ਼ੀਂ ਤਾਂ ਸ਼ੋਰ ਪਵੇ

ਉੱਡੇ ਜਾਂ ਕੋਈ ਕੋਈ

ਸਾਹਵਾਂ ਦਾ ਪੰਛੀ

ਗੀਤਾਂ ਦਾ ਮਿਰਗ ਡਰੇ ।

ਸਾਹਵਾਂ ਦੇ ਪੰਛੀ

ਤਾਂ ਉੱਡਣ ਹਾਰੇ

ਦਾਮੀਂ ਨਾ ਜਾਣ ਫੜੇ

ਰਾਤ ਬਰਾਤੇ

ਦੇਸ਼-ਦਿਸ਼ਾਂਤਰ

ਉੱਡਦੇ ਜਾਣ ਚਲੇ ।

ਡਰੀਂ ਨਾ ਮਿਰਗਾ

ਦਰਦਾਂ ਦੇ ਪੱਤਰ

ਰੋਜ਼ ਨਾ ਰਹਿਣ ਹਰੇ

ਵਿਰਲੇ ਤਾਂ ਉੱਗਦੇ

ਦਰਦਾਂ ਦੇ ਬੂਟੜੇ

ਸੰਘਣੇ ਮਹਿਕ ਭਰੇ ।

ਇਕ ਤਾਂ ਤੈਂਡੜੇ

ਕੋਲ ਕਥੂਰੀ

ਦੂਜੇ ਤਾਂ ਦਰਦ ਬੜੇ

ਤੀਜਾ ਤਾਂ ਤੈਂਡੜਾ

ਰੂਪ ਸੁਹੰਦੜਾ

ਗੱਲਾਂ ਤਾਂ ਮਿਲਖ ਕਰੇ ।

ਮਾਰੀਂ ਵੇ ਛਾਲਾਂ

ਭਰੀਂ ਵੇ ਚੁੰਗੀਆਂ

ਤੈਂਡੜੇ ਕਰਮ ਖਰੇ

ਤੈਂਡੜੇ ਗਲ

ਗ਼ਮ-ਹਾਰ-ਹਮੇਲਾਂ

ਝੋਲੀ 'ਚ ਹੋਰ ਵਰ੍ਹੇ ।

ਜਿੰਦੂ ਦੇ ਬਾਗ਼ੀਂ

ਦਰਦਾਂ ਦਾ ਬੂਟੜਾ

ਗੀਤਾਂ ਦਾ ਮਿਰਗ ਚਰੇ

ਹਿਜਰਾਂ ਦੀ ਵਾਉ

ਵਗੇ ਅੱਧ-ਰੈਣੀ

ਕੋਈ-ਕੋਈ ਪੱਤ ਕਿਰੇ ।

📝 ਸੋਧ ਲਈ ਭੇਜੋ