(ਦਸੰਬਰ 30,1960)
ਕਾਲੇ ਕਾਲੇ ਬੱਦਲਾਂ 'ਚੋਂ ਮੀਂਹ ਵਰਸੇਂਦਾ, ਗੋਰੀਆਂ ਗੋਰੀਆਂ ਕਣੀਆਂ,
ਵੇ ਜਿੰਦੂਆ ਗੋਰੀਆਂ ਗੋਰੀਆਂ ਕਣੀਆਂ।
1.
ਯਾਦ ਤੇਰੀ ਦਾ ਚੰਨ ਚੜ੍ਹਿਆ ਏ,
ਜੀਵਨ ਰਾਤ ਦੇ ਬੱਦਲਾਂ ਵਿਚੋਂ।
ਚੁਰਾ ਲਵਾਂ ਚਾਨਣ ਦੀ ਲੋਅ 'ਚੋਂ
ਪਿਆਰ ਤੇਰੇ ਦੀਆਂ ਅਣੀਆਂ। ਵੇ ਜਿੰਦੂਆ...............
2.
ਸਾਡੇ ਤਾਂ ਵਿਹੜੇ ਬੱਦਲਾਂ ਦਾ ਡੇਰਾ,
ਆ ਕੇ ਚੰਨ ਕੋਈ ਪਾ ਜਾ ਫੇਰਾ।
ਜਿੰਦ ਮੇਰੀ ਨੂੰ ਪੈਂਦੇ ਡੋਬੂ,
ਆ ਖਾਂ ਦਿਲਾਂ ਦਿਆ ਹਾਣੀਆਂ। ਵੇ ਜਿੰਦੂਆ...............
3.
ਸਾਡੇ ਤਾਂ ਵਿਹੜੇ ਪਿੱਪਲਾਂ ਦੀ ਛਾਂ ਵੇ,
ਕੋਇਲੇ ਦੀਆਂ ਨੇ ਕੂਕਾਂ,
ਵੇ ਜਿੰਦੂਆ ਮਾਰਨ ਦਿਲ ਦੀਆਂ ਹੂਕਾਂ।
4.
ਪਿੱਪਲੀ ਦੀ ਛਾਵੇਂ ਮੈਂ ਚਰਖੀ ਪਈ ਡਾਹਨੀਆਂ,
ਤੇ ਲੰਮੀਆਂ ਲੰਮੀਆਂ ਹੇਕਾਂ,
ਵੇ ਜਿੰਦੂਆ ਰਾਹ ਤੇਰਾ ਮੈਂ ਵੇਖਾਂ।
5.
ਸਾਡੇ ਬਨੇਰੇ ਤੇ ਕਾਂ ਪਿਆ ਬੋਲੇ,
ਨਾਲੇ ਚਰਖੀ ਦੀਆਂ ਚੀਕਾਂ,
ਵੇ ਜਿੰਦੂਆ ਤੇਰੀਆਂ ਹੋਣ ਉਡੀਕਾਂ।