ਜਿਨ੍ਹਾਂ ਚੰਮ ਦੀਆਂ ਹੋਣ ਚਲਾਈਆਂ

ਜਿਨ੍ਹਾਂ ਚੰਮ ਦੀਆਂ ਹੋਣ ਚਲਾਈਆਂ।

ਉਹ ਵੀ ਆਖ਼ਰ ਦੇਣ ਦੁਹਾਈਆਂ।

ਸਾਹਮਣੇ ਨਿੱਤਰ ਆਉਣ ਸਚਾਈਆਂ।

ਪਵੇਂ ਜਦ ਰੱਸਾ ਫਾਹੀਆਂ ਦਾ॥

ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥

ਸਿੱਕਾ ਕਦੇ ਸੀ ਜੀਹਦਾ ਚੱਲਦਾ।

ਅੱਖਾਂ ਅੰਤ ਵੇਖਿਆ ਮਲਦਾ।

ਬੀਜਿਆ ਜੋ ਤੂੰ ਉਹੀਓ ਫਲਦਾ।

ਬੂਟੇ ਰੰਗ ਰੰਗਦੇ ਵੇਖੇ ਮੈਂ॥

ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥

ਰਲ਼ਕੇ ਵੱਡੀਆਂ ਨਾਲ ਜਮਾਤਾਂ।

ਛੇਤੀ ਭੁੱਲ ਗਏ ਜਿਹੜੇ ਔਕਾਤਾਂ।

ਚਿੱਟੇ ਦਿਨ ਹੀ ਪੈ ਗਈਆਂ ਰਾਤਾਂ।

ਹੋਇਆ ਗੁੰਮ ਰਸਤਾ ਰਾਹੀਆਂ ਦਾ॥

ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥

ਜਿਨ੍ਹਾਂ ਚੁੱਕੀਆਂ ਬਹੁਤ ਸੀ ਅੱਤਾਂ।

ਰੁੱਲਦੇ ਅੱਜ ਕਈ ਬਿਨ ਲੱਤਾਂ।

ਡਾਡਾ ਜਦੋਂ ਮਾਰਦਾ ਮੱਤਾਂ।

ਖੁਦ ਨੂੰ ਡੰਗਦੇ ਵੇਖੇ ਮੈਂ॥

ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥

ਜਦੋ ਤੇਰੇ ਹੱਥਾਂ ਵਿੱਚ ਸੀ ਪਾਵਰ।

ਕਿੰਨੇ ਮਹਿਕਦੇ ਮਿੱਧੇ ਫੋਲਾਵਰ।

ਲਾਉਂਦਾ ਰਿਹਾ ਰੱਬ ਨੂੰ ਟਾਵਰ।

ਆਸਰਾ ਲੈਕੇ ਸਿਆਹੀਆਂ ਦਾ॥

ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥

ਸਦਾ ਨਹੀ ਵੱਜਣਾ ਤੇਰਾ ਡੰਕਾ।

ਕੱਡਦੇ ਆਪਣੇ ਮੰਨ ਚੋ ਛੰਕਾ।

ਰਾਵਣ ਛੱਡਕੇ ਤੁਰ ਗਿਆ ਲੰਕਾ।

ਖਾਕ ਹੋਏ ਅੰਗ ਦੇ ਵੇਖੇ ਮੈਂ॥

ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥

ਖੋ਼ਹਕੇ ਮਾੜਿਆਂ ਦੇ ਮੂੰਹੋਂ ਬੁਰਕੀ।

ਆਪਣੇ ਘਰ ਵਿੱਚ ਆਵੇਂ ਸੁਰਕੀ।

ਕੀਤੀ ਡਾਂਗ ਦੇ ਜ਼ੋਰ ਤੇ ਕੁਰਕੀ।

ਜ਼ੋਰ ਅੱਜ ਰਿਹਾ ਨਾ ਬਾਹੀਆਂ ਦਾ॥

ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥

ਰਹਿੰਦੀ ਸਦਾ ਨੀ ਚੇਹਰੇ ਲਾਲੀ।

ਉੱਡਜੂ ਭੌਰ ਵੇਹੜਾ ਕਰ ਖਾਲੀ।

ਏਥੇ ਰਿਹਾ ਨਾ ਠਹਿਰ ਅਬਦਾਲੀ।

ਤੁਰੇ ਭਾਅ ਭੰਗਦੇ ਵੇਖੇ ਮੈਂ॥

ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥

ਜਦੋ ਕੋਈ ਹੱਦ ਜ਼ੁਲਮ ਦੀ ਕਰਦਾ।

ਉੱਠਦਾ ਪਾਪਾ ਤੋਂ ਫਿਰ ਪਰਦਾ।

ਬੰਦਾ ਰਿੜਕ-ਰਿੜਕ ਕੇ ਮਰਦਾ।

ਹੋਵੇ ਫਿਰ ਕੰਮ ਤਬਾਹੀਆਂ ਦਾ॥

ਹੁੰਦਾ ਆਖਰ ਨੂੰ ਪਛਤਾਵਾ ਕੀਤੀਆਂ ਧੱਕੇ ਸ਼ਾਹੀਆਂ ਦਾ॥

ਜੀਹਦੇ ਹੁਕਮ ਚ’ ਪੱਤਾ ਪੱਤਾ।

ਕਿਵੇਂ ਤੂੰ ਹਿੱਲ ਜਾਵੇਗਾ ਰਤਾ।

ਕਹਿੰਦਾ ਫਰੀਦਸਰਾਈਆ ਸੱਤਾ।

ਸੋਚ ਕਈ ਤੰਗਦੇ ਵੇਖੇ ਮੈਂ॥

ਰੱਬ ਨੂੰ ਟੱਬ ਜਿੰਨਾ ਨੇ ਦੱਸਿਆ ਗਲ਼ੀ-ਗਲ਼ੀ ਮੰਗਦੇ ਵੇਖੇ ਮੈਂ॥

📝 ਸੋਧ ਲਈ ਭੇਜੋ