ਜਿਨ੍ਹਾਂ ਦੀ ਦੋਸਤੀ ਦੇ

ਜਿਨ੍ਹਾਂ ਦੀ ਦੋਸਤੀ ਦੇ ਜੱਗ ਉਲਾਂਭੜੇ ਰਹੇ। 

ਉਹ ਵੀ ਅਸਲ 'ਚ ਅੰਦਰੋਂ ਰੁੱਸੇ ਲੜੇ ਰਹੇ।

ਹੁੰਦਾ ਪਰ੍ਹੇ 'ਚ ਸੀ ਨਿਤਾਰਾ ਝੂਠ ਸੱਚ ਦਾ, 

ਕੁਝ ਲੋਕ ਬੂਹੇ ਭੀੜ ਕੇ ਅੰਦਰ ਵੜੇ ਰਹੇ।

ਕੀਤੀ ਕਦੋਂ ਹੈ ਢਿਲ ਤਸੀਹੇ ਦੇਣ ਵਾਲਿਆ, 

ਪਰ ਸਿਦਕ ਵਾਲੇ ਆਪਣੀ ਗੱਲ ਤੇ ਅੜੇ ਰਹੇ।

ਕਰੀਏ ਕਿਸੇ ਤੇ ਕੀ ਗਿਲਾ ਕਿ ਦਿਲ ਅਤੇ ਦਿਮਾਗ਼, 

ਹਰ ਔਖ ਵੇਲੇ ਆਪੋ ਵਿਚ ਹੀ ਖਹਿਬੜੇ ਰਹੇ।

ਕੀ ਕਹੀਏ ਕਿੰਜ ਦਰਦ ਦੀ ਦੌਲਤ ਨੂੰ ਸਾਂਭਿਆ, 

ਐਵੇਂ ਨਹੀਂ ਇਹ ਚੁੱਪ ਦੇ ਜੰਦਰੇ ਜੁੜੇ ਰਹੇ।

ਮੈਥੋਂ ਹੀ ਮੁੱਲ ਟੁੱਕ ਨਾ ਹੋਇਆ ਜ਼ਮੀਰ ਦਾ, 

ਉਂਜ ਲੋੜਵੰਦ ਗਾਹਕ ਤਾਂ ਮਿਲਦੇ ਬੜੇ ਰਹੇ।

ਦੱਸਿਆ ਮੁਸਾਫ਼ਰਾਂ ਨੂੰ ਹੈ ਮੰਜ਼ਿਲ ਦਾ ਫ਼ਾਸਲਾ, 

ਮੰਨਿਆ ਕਿ ਮੀਲ ਵਾਂਗ ਹਾਂ ਇਕ ਥਾਂ ਖੜੇ ਰਹੇ।

ਜਿਨ੍ਹਾਂ ਉਸਾਰੀਆਂ ਨੇ ਇਹ ਉੱਚੀਆਂ ਇਮਾਰਤਾਂ, 

ਮੈਂ ਦੇਖਿਆ ਉਹ ਲੋਕ ਨੇ ਸੌਂਦੇ ਰੜੇ ਰਹੇ।

ਕੁਝ ਵੀ ਕਿਹਾ ਹੈ ਪੰਡਤਾਂ ਭਾਈਆਂ ਮੁਲਾਣਿਆਂ, 

ਮੈਂ ਜਾਣਿਆਂ ਹੈ ਜੱਗ ਵਿਚ ਦੋ ਹੀ ਧੜੇ ਰਹੇ।

📝 ਸੋਧ ਲਈ ਭੇਜੋ