ਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀ,
ਅਨੀ ਹੋ ਮਾਂ ਦੋਸ ਕਹਾਰਾਂ ਨੂੰ ।ਰਹਾਉ।
ਕੋਲੋਂ ਤੈਂਡੇ ਵਾਹੀ ਲਡਿ ਲਡਿ ਚਲੇ,
ਤੈਂ ਅਜੇ ਨ ਬੱਧਾ ਭਾਰਾਂ ਨੂੰ ।1।
ਇਕ ਲਡਿ ਚਲੇ ਇਕ ਬੰਨ੍ਹ ਬੈਠੇ,
ਕਉਣ ਉਠਾਇ ਸਾਡਿਆਂ ਭਾਰਾਂ ਨੂੰ ।2।
ਸਿਰ ਤੇ ਮਉਤ ਖੜੀ ਪੁਕਾਰੇ,
ਮਨ ਲੋਚੇ ਬਾਗ਼ੁ ਬਹਾਰਾਂ ਨੂੰ ।3।
ਕਹੈ ਹੁਸੈਨ ਫ਼ਕੀਰ ਨਿਮਾਣਾ,
ਕੋਈ ਮੁੜਿ ਸਮਝਾਵੇ ਇਨ੍ਹਾਂ ਯਾਰਾਂ ਨੂੰ ।4।