ਜਿੰਨੇ ਵੀ ਸਨ ਬਣ ਗਏ ਸੀ ਦਰਬਾਰੀ ਬਸਤੀ ਵਿਚੋਂ

ਜਿੰਨੇ ਵੀ ਸਨ ਬਣ ਗਏ ਸੀ ਦਰਬਾਰੀ ਬਸਤੀ ਵਿਚੋਂ 

ਮੈਂ ਕੱਲ੍ਹਾ ਈ ਫਿਰਨਾਂ ਵਾਂ ਅੱਜ ਸਾਰੀ ਬਸਤੀ ਵਿਚੋਂ

ਸੋਚ ਰਿਹਾ ਵਾਂ ਕੁੱਲ ਮਿਲ਼ਾ ਕੇ ਕੀ ਬਚਦਾ ਏ ਪਿੱਛੇ 

ਕੱਢ ਦੇਈਏ ਜੇ ਠੂੰਹੇ ਸੱਪ ਮਦਾਰੀ ਬਸਤੀ ਵਿਚੋਂ

ਚੇਤੇ ਰੱਖਿਓ ਲੱਭਣਾ ਨਈਂ ਏ ਕੱਲ੍ਹ ਨੂੰ ਕੋਈ ਸੁਜਾਖਾ 

ਮੁੱਕੀ ਨਾ ਜੇ ਅੰਨ੍ਹਿਆਂ ਦੀ ਸਰਦਾਰੀ ਬਸਤੀ ਵਿਚੋਂ

ਅੱਧ ਖੁੱਲ੍ਹੀ ਜਿਹੀ ਬਾਰੀ ਵਿਚੋਂ ਡਿੱਗਦੇ ਜਾਣੇ ਹਾਸੇ 

ਯਾਦ ਏ ਜਿਸਲ਼ੇ ਲੰਘਦੀ ਸੀ ਇਕ ਲਾਰੀ ਬਸਤੀ ਵਿਚੋਂ

ਜਿੰਨ੍ਹੇ ਸਾਂਝ ਸਲੂਕਾਂ ਵਾਲ਼ੇ ਪਿੱਪਲ ਬੋਹੜ ਨਈਂ ਛੱਡੇ 

ਲੱਭਣੀ ਪਏਗੀ ਰਲ਼ਕੇ ਹੁਣ ਉਹ ਆਰੀ ਬਸਤੀ ਵਿਚੋਂ

ਜ਼ੋਰਾਵਰ ਤੋਂ ਜ਼ੋਰਾਵਰ ਵੀ ਇੱਧਰ ਮੂੰਹ ਨਾ ਕਰਦੇ 

ਜੇਕਰ ਕਿੱਧਰੇ ਹੁੰਦੀ ਨਾ ਗ਼ਦਾਰੀ ਬਸਤੀ ਵਿਚੋਂ 

ਸਭ ਕੁਝ ਖਾ ਕੇ ਹੋਰ ਕਿਸੇ ਦਾ ਖਾਧਾ ਹਜ਼ਮ ਨਈਂ ਹੁੰਦਾ 

ਹਾਲੇ ਵੀ ਏ ਕਈਆਂ ਨੂੰ ਬਿਮਾਰੀ ਬਸਤੀ ਵਿਚੋਂ 

ਬਸਤੀ ਵਾਲ਼ੇ ਰਹਿ ਗਏ ‘ਸੰਧੂ’ ਧੂੜ ਤੇ ਭੱਕਰਾਂ ਫੱਕਦੇ 

ਸਭ ਕੁਝ ਵੰਡ ਕੇ ਲੈ ਗਏ ਛੱਜ ਸਰਕਾਰੀ ਬਸਤੀ ਵਿਚੋਂ

📝 ਸੋਧ ਲਈ ਭੇਜੋ