ਜਿਓਂਦੇ ਜੀ ਪਲਪਲ ਜੋ ਡਰਦਾ ਰਿਹਾ
ਉਹ ਸੱਚ ਹੀ ਤਾਂ ਦਮਦਮ ਹੈ ਮਰਦਾ ਰਿਹਾ।
ਤਲੀ ਧਰ ਕੇ ਸਿਰ ਜੀਣ ਮਰਜੀਵੜੇ
ਤੂੰ ਵੈਰੀ ਦਾ ਪਾਣੀ ਹੈਂ ਭਰਦਾ ਰਿਹਾ।
ਤੇਰੀ ਹੋਂਦ ਤੋਂ ਬਾਦ ਵੀ ਬਸ ਤੂੰ ਹੈਂ
ਤੂੰ ਤਾਂ ਖੋਲ ਆਪਣੇ ’ਚ ਮਰਦਾ ਰਿਹਾ।
ਸਵਾਸਾਂ ਦੀ ਮਾਲਾ ਬਿਖਰਨੀ ਜ਼ਰੂਰ
ਹਯਾਤੀ ਦਾ ਦਮ ਰੋਜ਼ ਭਰਦਾ ਰਿਹਾ।
ਕਦੇ ਆਪਣੇ ਆਪ ਵਿੱਚ ਵੀ ਗਿਉਂ!
ਪਰਾਏ ਘਰੀਂ ਹੀ ਵਿਚਰਦਾ ਰਿਹਾ।
ਸਫ਼ਰ ਇੱਕ ਤੋਂ ਚੱਲ ਇੱਕ ਤੇ ਜਾਣਾ ਖੜੋ
ਵਿਛੜ ਕੇ ਤੂੰ ਇੱਕ ਤੋਂ ਖ਼ਿਲਰਦਾ ਰਿਹਾ।
ਚਮਕਦਾ ਰਵੀ ਚਾਨਣੀ ਚੰਨ ਦੀ ਤੂੰ
ਹਨੇਰੇ ਤਰ੍ਹਾਂ ਤੂੰ ਪਸਰਦਾ ਰਿਹਾ।
ਬਹਾਰਾਂ ਸਦੀਵੀ ਨਹੀਂ ਹੋਦੀਆਂ
ਖ਼ਵਾਬੀ ਮਹਿਲ ਤੂੰ ਉਸਰਦਾ ਰਿਹਾ।
ਲਹੂ ਰੋਜ਼ ਦੌੜੇ ਰਗ਼ਾਂ ਵਿੱਚ ਮਗ਼ਰ
ਲਹੂ ਉਹ ਜੋ ਨੈਣੀਂ ਉਤਰਦਾ ਰਿਹਾ।
ਮੁਬਾਰਕ ਉਡਾਰ ਉਕਾਬਾਂ ਨੂੰ ਪਰ
ਜ਼ਮੀਂ ਤੇ ਹੀ ‘ਉੱਪਲ’ ਨਿਖ਼ਰਦਾ ਰਿਹਾ।