ਜੀਉਂਦੀ ਕਵਿਤਾ

ਹਰ ਵਾਰ ਕਵਿਤਾ ਲਿਖੀ ਨਹੀਂ ਜਾਂਦੀ,

ਕਦੇ-ਕਦੇ ਇਹ ਹੰਢਾਈਂ ਵੀ ਜਾਂਦੀ ਹੈ,

ਜਿਵੇਂ ਹੰਢਾਉਂਦਾ ਹੈ ਮੌਸਮ ਦੀ ਤਲਖੀ ਨੂੰ ਆਪਣੇ ਤਨ ਤੇ ਕੋਈ ਗਰੀਬ,

ਜਿਵੇਂ ਬੁਖ਼ਾਰ ਦੇ ਤਾਪ ਨੂੰ ਮਹਿਸੂਸ ਕਰਦਾ ਹੈ ਕੋਈ ਸਰੀਰ,

ਜਾਂ ਫਿਰ ਹੰਢਾ ਲੈਂਦਾ ਹੈ ਲੰਮੀ ਵਾਟ ਤੇ ਤੁਰਦਿਆਂ

ਆਪਣੇ ਪੈਰਾਂ ਤੇ ਪਏ ਛਾਲਿਆਂ ਨੂੰ ਇਕ ਮਜ਼ਦੂਰ,

ਜਾਂ ਲੋਚਦਾ ਹੈ ਸਮੁਹਿਕ ਖ਼ੁਦਕੁਸ਼ੀ ਨੂੰ

ਕਰਜ਼ੇ ਹੇਠ ਡੁੱਬ ਗਿਆ ਕੋਈ ਪਰਿਵਾਰ,

ਜਾਂ ਕੋਈ ਕਿਰਾਏਦਾਰ ਬਰਦਾਸ਼ਤ ਕਰਦਾ ਹੈ,

ਨਾ ਬਰਦਾਸ਼ਤ ਯੋਗ ਗੱਲਾਂ ਮਕਾਨ ਮਾਲਕ ਦੀਆਂ,

ਕਵਿਤਾ ਪ੍ਰੇਮ ਵੀ ਹੰਢਾਉਂਦੀ ਹੈ ਆਪਣੇ ਤਨ ਅਤੇ ਮਨ ਤੇ,

ਕਿਸੇ ਨਵ-ਵਿਆਹੀ ਮੁਟਿਆਰਾਂ ਵਾਂਗ,

ਕਵਿਤਾ ਕਾਮ ਵਿਚ ਵੀ ਡੁੱਬ ਜਾਂਦੀ ਹੈ,

ਕੋਈ ਲੋਭੀ ਅਤੇ ਲਾਲਸੀ ਇਨਸਾਨ ਬਣ ਕੇ,

ਸ਼ੈਤਾਨ ਵੀ ਬਣ ਜਾਂਦੀ ਹੈ ਇਕ ਵਰਗਲਾਉਂਦੀ ਹੋਈ ਕਵਿਤਾ,

ਹੰਢਾ ਲੈਣ ਦੋ ਇਸ ਵਾਰ ਕਵਿਤਾ ਨੂੰ,

ਸਾਰਾ ਦਰਦ ਸਾਰੀ ਤਲਖੀਆਂ ਤੇ ਸਾਰਾ ਕੋਝਾ ਮਜ਼ਾਕ ਆਪਣੇ ਅੱਖਰਾਂ ਵਿਚ,

ਕਿ ਜਦੋਂ-ਜਦੋਂ ਵੀ ਕਵਿਤਾ ਲਿਖੀ ਨਹੀਂ ਹੰਢਾਈ ਜਾਂਦੀ ਹੈ,

ਉਦੋਂ ਉਹ ਕਵਿਤਾ ਕਾਗਜ ਤੇ ਲਿਖੀਂ ਇੱਕ ਕਵਿਤਾ ਨਾਂ ਹੋ ਕੇ,

ਇੱਕ ਜਿਉਂਦੀ-ਜਾਗਦੀ ਕਵਿਤਾ ਬਣ ਜਾਂਦੀ ਹੈ….

📝 ਸੋਧ ਲਈ ਭੇਜੋ