ਜਿਸ ਘੜੀ ਵਿਸ਼ਵਾਸ ਮੇਰਾ ਖਾ ਕੇ ਠ੍ਹੋਕਰ ਤਿੜਕਿਆ।
ਉਸ ਘੜੀ ਉਹ ਭੈ ਦੀ ਇਕ ਸਾਕਾਰ ਮੂਰਤ ਜਾਪਿਆ।
ਮੈਨੂੰ ਹਰ ਬੰਦਾ ਚਿੜੀ ਦੇ ਵਾਂਗ ਅਪਣੇ ਅਕਸ 'ਤੇ,
ਅਪਣੀ ਬੇਚੈਨੀ 'ਚ ਠੂੰਗਾਂ ਮਾਰਦਾ ਹੈ ਦਿੱਸਿਆ।
ਬਹਿਸ ਦਾ ਮੁੱਦਾ ਬਣੇਗਾ ਹੁਣ ਅਦਾਲਤ ਵਿਚ ਇਹ
ਉਸਨੇ ਸਿਰ 'ਤੇ ਲਾਲ ਕੱਪੜਾ ਕਿਸ ਲਈ ਸੀ ਬੰਨ੍ਹਿਆ।
ਕੁਝ ਵੀ ਤਾਂ ਸਾਬਤ ਨਹੀਂ ਸੀ ਸ਼ਾਮ ਨੂੰ ਘਰ ਮੁੜਦਿਆਂ,
ਅਪਣੇ ਸਵੈ ਤੇ ਜਿਸਮ ਦੇ ਟੁਕੜੇ ਮੈਂ ਲੈ ਕੇ ਪਰਤਿਆ।
ਮੈਂ ਤੁਹਾਡੇ ਦੌਰ ਦਾ ਰਾਵਣ ਨਹੀਂ ਸੀ, ਫੇਰ ਕਿਉਂ,
ਤਾਅੜ ਕਰਦਾ ਤੀਰ ਆ ਧੁੰਨੀ 'ਚ ਮੇਰੀ ਵੱਜਿਆ।
ਕੈਦ ਕੀਤੀ ਹੋਈ ਸੰਸਕਾਰਾਂ ਦੀ ਮੈਨਾ ਮਰ ਗਈ,
ਖੋਲ੍ਹ ਦੇਵੋ ਪਿੰਜਰਾ ਮੈਂ ਤਾਂ ਬਥੇਰਾ ਕਲਪਿਆ।