ਜਿਸਮ ਦੇ ਇਸ ਖੋਲ

ਜਿਸਮ ਦੇ ਇਸ ਖੋਲ ਵਿੱਚ ਜਦ ਰੂਹ ਪਾ ਆਇਆ ਹਾਂ ਮੈਂ

ਆਪਣੀ ਆਜ਼ਾਦ ਹਸਤੀ ਖ਼ੁਦ ਮਿਟਾ ਆਇਆ ਹਾਂ ਮੈਂ।

ਸੌਰ ਮੰਡਲ ਤੋਂ ਅਗਾਂਹ ਤਕ ਕਹਕਸ਼ੀਂ ਪਰਵਾਜ਼ ਸੀ

ਧਾਰ ਕੇ ਬੰਦੇ ਦੀ ਮੂਰਤ ਪਰ ਕਟਾ ਆਇਆ ਹਾਂ ਮੈਂ।

ਮੈਂ, ਤਦੋਂ ਦਿਨ ਰਾਤ ਸਾਂ, ਪੱਤਝੜ, ਬਸੰਤੀ ਰੁੱਤ ਵੀ

ਹੁਣ ਮਨੁੱਖੀ ਭੇਸ ਧਾਰੀ, ਭਟਕਦਾ ਸਾਇਆ ਹਾਂ ਮੈਂ।

ਤਾਰ ਜਿਹੜੀ ਛਿੜਦਿਆਂ ਹੀ, ਝੂਮ ਉੱਠੇ ਜ਼ਿੰਦਗੀ

ਸਾਜ਼ ਉਹ ਅਣਛੇੜਿਆ ਹਾਂ, ਗੀਤ ਅਣਗਾਇਆ ਹਾਂ ਮੈਂ।

ਕੀ ਪਤਾ ਆਦਮ ਹਵਾ, ਫ਼ਲ ਵੀ ਕੋਈ ਖਾਧਾ ਕਿ ਨਹੀਂ !

ਪਰ ਬਿਵਰਜਿਤ ਸੇਬ ਸਾਰੇ, ਛਕਛਕਾ ਆਇਆ ਹਾਂ ਮੈਂ।

ਸੂਰਜੀ ਕਿਰਨਾਂ ਦੇ ਬੇਸ਼ਕ, ਚਹਿਕਦੇ ਸਤਰੰਗ ਨੇ

ਪਰ ਤਿਲਸਮੀਂ ਰੰਗ ਦੀ, ਤਿਤਲੀ ਉਡਾ ਆਇਆ ਹਾਂ ਮੈਂ।

ਸਾਥ ਸੀ ਮਿਲਿਆ ਮਗ਼ਰ, ਸਾਥੀ ਜਿਹੀ ਖੁਸ਼ਬੂ ਨਾ ਸੀ

ਦਿਲਬਰਾ ਆਮਦ ਤੇਰੀ ਤੋਂ ਬਾਦ, ਮਹਿਕਾਇਆ ਹਾਂ ਮੈਂ।

ਧੁੰਦ ਹੀ ਬਸ ਧੁੰਦ ਸੀ, ਨਾ ਚੰਨ ਸੂਰਜ ਸੀ ਕਿਤੇ

ਹੋਂਦ ਬੰਦੇ ਦੀ ਤੋਂ ਪਹਿਲਾਂ, ਘੁਮਘੁਮਾ ਆਇਆ ਹਾਂ ਮੈਂ।

ਜਿਸਮ ਤੋਂ ਚੱਲ ਰੂਹ ਤੱਕ ਮਕਸਦ ਹੈ ‘ਉੱਪਲ’ ਬਸ ਮੇਰਾ

ਨਾਵ ਮੈਂ, ਮੈਂ ਹੀ ਮੁਸਾਫ਼ਿਰ, ਰੱਬ ਰਚੀ ਮਾਇਆ ਹਾਂ ਮੈਂ।

📝 ਸੋਧ ਲਈ ਭੇਜੋ