ਜਿਸਲ਼ੇ ਸੂਰਜ ਰਾਤ ਦੀ ਬਾਂਹ ਫੜ੍ਹਦਾ ਏ ਚੰਨ ਚੜ੍ਹਦਾ ਏ

ਜਿਸਲ਼ੇ ਸੂਰਜ ਰਾਤ ਦੀ ਬਾਂਹ ਫੜ੍ਹਦਾ ਏ ਚੰਨ ਚੜ੍ਹਦਾ ਏ 

ਜਿਉਂ ਅੰਬਰਾਂ ਤੇ ਮਾਝਾ ਦੁੱਧ ਕੜ੍ਹਦਾ ਏ ਚੰਨ ਚੜ੍ਹਦਾ प्टे

ਜਦ ਉਹ ਸੱਜਰਾ ਸੱਕ ਮਲ਼ਦਾ ਏ ਪੂਰਾ ਜਗ ਬਲ਼ਦਾ ਏ 

ਤੇ ਫਿਰ ਜੋ ਬੁੱਲ੍ਹੀਆਂ ਨੂੰ ਰੰਗ ਚੜ੍ਹਦਾ ਏ ਚੰਨ ਚੜ੍ਹਦਾ ਏ

ਮੈਂ ਤੱਕਿਆ ਏ ਅੱਖਾਂ ਮੀਟ ਕੇ ਪੂਰਾ ਪਿੰਡ ਈ ਜਿੱਥੇ 

ਛਾਂ ਨੂੰ ਧੁੱਪ ਤੇ ਧੁੱਪ ਨੂੰ ਛਾਂ ਪੜ੍ਹਦਾ ਏ ਚੰਨ ਚੜ੍ਹਦਾ ਏ 

ਇਹ ਗੱਲ ਲਿਖ ਕੇ ਰੱਖ ਲਓ ਹਵਸੀ ਹੋਸੀ ਜ਼ਿਹਨਾਂ ਨੂੰ ਜਦ 

ਬਦਨੀਤੀ ਦਾ ਕਾਲ਼ਾ ਸੱਪ ਲੜਦਾ ਏ ਚੰਨ ਚੜ੍ਹਦਾ ਏ

ਜਿਹੜੇ ਥਾਂ ਤੇ ਪੁੱਜਦੀ ਸਰਦੀ 'ਵਾ ਦੇ ਵਿਚ ਕਿਸੇ ਦਾ 

ਰੁੱਖਾਂ ਹੇਠ ਵੀ ਜਾ ਕੇ ਸਿਰ ਸੜਦਾ ਏ ਚੰਨ ਚੜ੍ਹਦਾ ਏ

ਕੱਲ੍ਹ ਵੀ ਜਿਹਦਾ ਜਿੱਥੇ ਨੌਂਹ ਅੜਦਾ ਸੀ ਚੰਨ ਚੜ੍ਹਦਾ ਸੀ 

ਅੱਜ ਵੀ ਜਿਹਦਾ ਜਿੱਥੇ ਨੌਂਹ ਅੜਦਾ ਏ ਚੰਨ ਚੜ੍ਹਦਾ ਏ

‘ਸੰਧੂ’ ਆਪਣੀ ਸੋਚ ਤੇ ਆਪਣੀ ਆਪਣੀ ਲੋੜ ਮੁਤਾਬਿਕ 

ਜਦ ਕੋਈ ਆਪਣਾ ਆਪਣਾ ਰੱਬ ਘੜਦਾ ਏ ਚੰਨ ਚੜ੍ਹਦਾ ਏ

📝 ਸੋਧ ਲਈ ਭੇਜੋ