ਜਿਸ ਨੇ ਕੋਈ ਬਾਤ ਨਾ ਪਾਈ

“ਜਾਗਦਿਆਂ ਬਿਸਤਰ ਵਿਚ ਸ਼ੇਵਿੰਗ

ਚਾਹ ਤੇ ਅੰਡਾ

ਦਿਨ ਭਰ ਧੰਦਾ,

ਰਾਤ ਪਿਆਂ ਸੌਂ ਜਾਵਾਂ । 

ਡਨਲੋਪਿੱਲੇ,

ਥੋੜਾ ਖਾਣਾ, ਬਹੁਤਾ ਪੀਣਾ,

ਗੋਦੀ ਵਿਚ ਅਲਸੇਸ਼ਨ ਲੈ ਕੇ ਐਸੀ ਨੀਂਦਰ ਪਾਵਾਂ 

ਨਾ ਕੋਈ ਸੁਪਨਾ ਦਰ ਖੜਕਾਵੇ

ਨ੍ਹੇਰੇ ਨੂੰ ਵੀ ਸਾਹ ਨਾ ਆਵੇ...

ਮੇਰੀਏ ਲਾਲੜੀਏ, ਕੀ ਕੀਤਾ ਤੂੰ ਮੇਰੇ ਨਾਲ

ਨਿਹੁੰ ਦੀਏ ਬਾਲੜੀਏ, 

ਮੈਨੂੰ ਇਕ ਘੁਟ ਸੁਪਨ ਪਿਆਲ ।” 

।ਰੇਡੀਉ ਬੰਦ ਕਰ ਦੇਂਦਾ ਹੈ॥ 

“ਪ੍ਰੀਤਮ, ਇਹ ਕੀ ਹੋਇਆ ਹਾਸਾ

ਅੱਜ ਦਾ ਅੰਤਿਮ ਗੀਤ-ਸਿਲੌਨੀ 

ਸੁਣਨ ਦਿਉ ਕਾਹਲੀ ਨਾ ਪਾਵੋ 

।ਸਿਸਕ ਪੈਂਦਾ ਹੈ॥

ਕਿਸ ਲਾਹਿਆ, ਬਿਸਕਿਟ ਤੋਂ ਰੈਪਰ 

ਨੌਕਰ ਹੈ...ਕੋਈ ਚੋਰੀ, ਚੋਰੀ

।ਪ੍ਰੀਤਮ ਨੂੰ ਸਿਸਕਦਾ ਵੇਖਦੀ ਹੈ॥ 

ਅੱਛਾ ! ਇਹ ਸਿਸਕੀ ਪ੍ਰੀਤਮ ਦੀ

ਮੈਂ ਡਰ ਗਈ, ਬਿਸਕਿਟ ਤੋਂ ਰੈਪਰ 

ਨੌਕਰ ਹੈ...ਕੋਈ...ਚੋਰੀ, ਚੋਰੀ

ਪ੍ਰੀਤਮ, ਤੂੰ ਵੀ ਰੋ ਸਕਦਾ ਏਂ ?

ਨੈਣ ਤੇਰੇ ਵਿਚ ਹੰਝੂ ਜੀਕਣ 

ਮਾਲ ਰੋਡ ਤੇ ਇਕ ਦੇਹਾਤੀ

ਏਨੇ ਵੀ ਕੀ ਖ਼ਿਆਲ ਪੁਰਾਣੇ ।” 

ਕੱਲ੍ਹ ਦੀ ਗੱਲ ਏ 

ਕਲੱਬ ਦੀ ਗੱਲ

ਰੰਮੀ ਤੋਂ ਉਕਤਾ ਕੇ ਸਾਰੇ 

ਪੀਣ-ਪਾਣ ਦੇ ਆਹਰ ਵਿਚ ਸਾਂ

ਪਹਿਲਾ ਝੂਮਾ ਹੀ ਆਇਆ ਸੀ।”

"ਕੀ ਵੇਲਾ ਸੀ ?"

"ਪਹਿਲਾ ਝੂਮਾ, ਤੂੰ ਜਾਣੇ, ਦਸ-ਦਸ ਤੇ ਆਉਂਦੈ

ਇਕ ਲਟ-ਬਉਰਾ, ਨਵਾਂ ਪ੍ਰਾਹੁਣਾ 

ਮੁਖ ਪਰ ਤੇਜ, ਸੀਸ ਪਰ ਅਟਕਾਂ 

ਕਹਿਣ ਲੱਗਾ ਗਟ ਗਟ ਗਟ ਪੀ ਕੇ ..."

"ਪ੍ਰੀਤਮ ਕਿੰਜ ਪੀਂਦੇ ਨੇ ਲੋਕੀ

ਸਾਡਾ ਸੀਵਰ-ਲਿੰਕ ਵੀ ਅਜ ਕਲ੍ਹ 

ਗਟ, ਗਟ, ਗਟ, ਕਰਦਾ ਰਹਿੰਦਾ ਹੈ !''

“ਕਹਿਣ ਲਗਾ ਲਟ-ਬਉਰਾ ਪ੍ਰਾਹੁਣਾ 

ਹਰ ਕੋਈ ਆਪਣੀ ਬਾਤ ਸੁਣਾਏ 

ਸੁਪਨਾ, ਸਾਹਸ, ਰੂਪ, ਜਵਾਨੀ 

ਯਾ ਕੋਈ ਅਪਣੀ ਇਸ਼ਕ ਕਹਾਣੀ ।"

“ਹਾਇ ਮੈਂ ਮਰ ਜਾਂ !

ਇਸ਼ਕ ਵੀ ਕਦੇ ਕਹਾਣੀ ਬਣਦੈ !! 

ਤੇਰੀ-ਮੇਰੀ ਨੈਣ-ਮੁਸਕਣੀ-

ਬਣ ਜਾਵੇ ਤਾਂ ਬੜੀ ਬਾਤ ਹੈ !!! 

ਕੇਹੋ ਜਹੇ ਲੋਕ ਨੇ ਜਿਹੜੇ

ਪੀ ਕੇ ਵੀ ਬਾਤਾਂ ਪਾਉਂਦੇ ਨੇ

ਪੀ ਕੇ ਬਾਤ, ਜਿਵੇਂ..."

“...ਚਾਨਣ ਵਿਚ

ਚੀਰ-ਹਰਨ ਅਪਣੇ ਹੀ ਹੱਥੀਂ ?'' 

ਠੀਕ, ਠੀਕ ਹੈ

ਅਸੀਂ ਤਾਂ ਪੀ ਕੇ ਸੁਪਨ ਵਰਾਉਂਦੇ 

ਸਾਹਸ ਨੂੰ ਕਹਿੰਦੇ ਹਾਂ ਸੌਂ ਜਾ 

(ਵਕਫ਼ਾ)

"ਉਸ ਦੀ ਸੁਣ ਕੇ ਮੈਂ ਤਾਂ ਚੁਪ ਸਾਂ, 

ਮਾਨੋ ਇਸ ਗੁਸਤਾਖ਼ੀ ਉੱਤੇ 

ਮੇਰੀ ਧੜਕਣ ਸਹਿਮ ਗਈ ਸੀ । 

ਪਰ ਗਟ ਗਟ ਪੀ ਕੇ ਭਾਈ ਨੇ 

ਪਹਿਲੋਂ ਆਪਣੀ ਬਾਤ ਸੁਣਾਈ।"

"ਕਿਹੋ ਜਹੀ ਉਹ ਬਾਤ ਸੀ ਪ੍ਰੀਤਮ ?''

"ਜਿਉਂ ਨ੍ਹੇਰੇ ਵਿਚ ਪਹਿਲੀ ਛੋਹੇ 

ਮਹਿਕ-ਜਹੀ ਇਕ ਕੰਬਣੀ ਆਏ 

ਜਿਉਂ ਨ੍ਹੇਰੇ ਵਿਚ ਹੌਲੀ ਹੌਲੀ 

ਤੇਰਾ ਪਿੰਡਾ ਮਘਦਾ ਜਾਏ

"ਬੜੀ ਮਨੋਹਰ ਬਾਤ ਸੀ ਪ੍ਰੀਤਮ ?''

“ਜਿਉਂ ਪਾਣੀ ਤੇ ਅਲਫ਼ ਚਾਨਣੀ । 

ਬਾਤ ਮੇਰੇ ਪਿੰਡੇ ਤੇ ਪਿਆਰੀ 

ਅਪਣੇ ਪੋਟੇ ਫੇਰ ਰਹੀ ਸੀ । 

ਮੈਨੂੰ ਇਉਂ ਲਗਦਾ ਸੀ ਜੀਕਣ -

ਮੇਰੇ ਬਸਤਰ ਢਿਲਕ ਰਹੇ ਨੇ । 

ਸਾਡਾ ਨੰਗ ਲੁਕਾਵਣ ਖ਼ਾਤਰ 

ਪਤਾ ਨਹੀਂ ਕਦ ਬਲਬ ਬੁਝ ਗਿਆ । 

ਗਟ-ਗਟ ਕਹਿਣ ਲੱਗਾ ਉਹ ਭਾਈ

'ਬਾਤ ਮੇਰੀ ਹੈ ਅਗਨ-ਸਰਪਣੀ 

ਅਪਣਾ ਰਸਤਾ ਭਾਲ ਲਵੇਗੀ।' 

ਬਾਤ ਓਸਦੀ ਅਗਨ-ਸਰਪਣੀ 

ਸਭ ਦਾ ਤਨ-ਮਨ ਡੰਗਦੀ ਡੰਗਦੀ 

ਪਤਾ ਨਹੀਂ ਕਿਸ ਦੇਸ ਗੁਆਚੀ । 

ਮੈਨੂੰ ਜਾਪੇ ਮੇਰੇ ਅੰਦਰ । 

ਮੈਨੂੰ ਤਾਂ ਕੁਝ ਪਤਾ ਨਹੀਂ ਹੈ

ਪਰ ਮੈਂ ਸੁਣਿਐ ਬਾਤ ਨੂੰ ਸੁਣ ਕੇ-

‘ਈੜਾ' ਬਰਫ਼ੋਂ ਪਾਣੀ ਹੋ ਗਈ, 

ਇਕ ਅਧ-ਚੁਲੀ ਕਿਸੇ ਪੀਤੀ ਵੀ ।”

"ਮੈਂ ਕਹਿੰਦੀ ਹਾਂ, ਪਾਗਲ ਹੋ ਗਏ

ਮੈਨੂੰ ਕੀਕਣ ਘੂਰ ਰਹੇ ਹੋ

ਜਾਵੋ ਹੁਣ ਜਾ ਕੇ ਸੌਂ ਜਾਵੋ 

ਅਲਸੇਸ਼ਨ, ਡਨਲੋਪਿੱਲੇ ਤੇ 

ਬਿਨਾਂ ਤੁਹਾਡੇ ਸੌਂ ਨਹੀਂ ਸਕਣਾ ।"

"ਹੋਰ ਕਹਾਣੀ ਵੀ ਇਕ ਹੋਈ 

ਨ੍ਹੇਰੇ ਨ੍ਹੇਰੇ-

ਜਿਉਂ ਚੋਰੀ ਦਾ ਚੁੰਮਣ ਚਮਕੇ 

ਹੋਰ ਕਹਾਣੀ ਵੀ ਇਕ ਹੋਈ 

ਜਿਉਂ ਅਸਮਾਨੀਂ, ਸੁੰਨ ਸੜਕ ਤੇ 

ਜਿਉਰ ਸਣੇ ਇਕ ਬਾਲਕ ਵਿਲਕੇ ।"

"ਕੀ ਕਹਿੰਦੇ ਹੋ ? ਬੋਲ ਰਹੇ ਕੀ

ਮਿਅਦੇ ਵਿਚ ਕੁਝ ਨੁਕਸ ਹੈ ਪ੍ਰੀਤਮ

ਫੋਨ ਕਰਾਂ ਡਾ'ਕਰ ਬੰਸਲ ਨੂੰ

ਅੱਜ ਧੰਦਾ ਮੰਦਾ ਮੰਦਾ ਸੀ ?''

"ਜਾਣਦੀ ਏਂ ਆਖ਼ਰ ਕੀ ਹੋਇਆ 

ਸਭ ਨੇ ਅਪਣੀ ਬਾਤ ਸੁਣਾਈ 

ਓੜਕ ਵਾਰੀ ਮੇਰੀ ਆਈ ।”

"ਹਾਇ ਮੈਂ ਮਰ ਜਾਂ 

ਤੁਸਾਂ ਵੀ ਕੋਈ ਬਾਤ ਸੁਣਾਈ

ਕੌਣ ਕੌਣ ਸੀ ਓਸ ਜਗ੍ਹਾ ਤੇ

ਮੈਂ ਸਭਨਾਂ ਨੂੰ ਫ਼ੋਨ ਕਰਾਂਗੀ, 

ਬਾਤ ਤੁਹਾਡੀ ਮੋੜ ਲਵਾਂਗੀ, 

ਆਖ ਦਿਆਂਗੀ : ਕੂੜ ਕਲਪਨਾ ।"

“ਕੀ ਮੋੜੇਂਗੀ ? ਮੈਂ ਕੀ ਦਿੱਤਾ

ਨ੍ਹੇਰੇ ਵਿਚ ਮੇਰੀ ਖ਼ਾਮੋਸ਼ੀ 

ਪ੍ਰੇਤ-ਜੂਨ ਛਾਇਆ ਵਿਚ ਬੈਠੀ । 

ਪਾਸ ਮੇਰੇ ਕੋਈ ਬਾਤ ਨਹੀਂ ਸੀ 

ਨਾ ਨ੍ਹੇਰੇ ਮੇਰਾ ਪਿੰਡਾ ਮਘਿਆ । 

ਨਾ ਮੇਰੇ ਪਾਣੀ ਅਲਫ਼ ਚਾਨਣੀ 

ਹੰਝੂ, ਹੰਝੂ॥

ਨਾ ਕੋਈ ਸੁਪਨਾ ਪੰਖ ਪਸਾਰੇ 

ਨਾ ਮੈਂ ਪਾਣੀ ਵਾਂਗੂ ਵਗਿਆ 

ਨਾ ਤੂੰ ਚੁਲੀ ਮਿਹਰ ਕਰ ਪੀਤੀ 

(ਹੰਝੂ, ਹਉਕੇ, ਸਿਸਕੀਆਂ) 

ਉਮਰਾ ਭਰ ਜੋ ਰਿਹਾ ਲੁਕਾਉਂਦਾ 

ਉਹ ਬਦਬੋ ਸੀ, ਬਾਤ ਨਹੀਂ ਸੀ

...       ...

ਮੈਨੂੰ ਮੇਰੀ ਬਾਤ ਰਚਣ ਦੇ 

ਮੈਨੂੰ ਅਪਣਾ ਸੁਪਨ ਵਰਨ ਦੇ 

(ਹੰਝੂ, ਹੰਝੂ)

ਜੇ ਆਖੇਂ ਜਾਪਾਨ ਚਲਾ ਜਾਂ 

ਬਰਮਾ ਵਿਚ ਰੋਮਾਂਸ ਬਹੁਤ ਹੈ 

ਯਾ ਅਮਰੀਕਾ ਯਾ ਅਫ਼ਰੀਕਾ 

ਯਾ...ਯਾ...ਯਾ...ਯਾ...

(ਲੰਮੀ ਚੁਪ)

ਨਵੀਂ ਬਵਰਚਨ ਨੂੰ ਸਮਝਾ ਦੇ 

ਸੌਣ-ਸਮੇਂ ਸੁਪਨਾ ਜੀਵਾਂਗਾ 

ਨਾ...ਨਾ...ਨਾਨਾ...

ਸੌਣ-ਸਮੇਂ ਮੈਂ ਦੁਧ ਪੀਵਾਂਗਾ 

ਟਾ...ਟਾ...ਟਾ...ਟਾ..."

📝 ਸੋਧ ਲਈ ਭੇਜੋ