ਜਿਸਰਾਂ ਦੀ ਦਰਗਾਵ੍ਹਾਂ ਨਾਲ਼ ਪ੍ਰੀਤ
ਹੁੰਦੀ ਏ ਕੁਝ ਨਾਂਵਾਂ ਨਾਲ਼ ਪ੍ਰੀਤ
ਤੂੰ ਇਹ ਗੱਲ ਸਾਹਵਾਂ ਨੂੰ ਸਮਝਾ
ਤੈਥੋਂ ਵੱਧ ਨਈਂ ਸਾਹਵਾਂ ਨਾਲ਼ ਪ੍ਰੀਤ
ਦਿਲ ਵਿਚ ਰੱਖੀ ਦੇ ਨਈਂ ਮਾਰੂਥਲ
ਹੋਵੇ ਜੇ ਦਰਿਆਵਾਂ ਨਾਲ਼ ਪ੍ਰੀਤ
ਤੱਕ ਲਈਂ ਬੰਦਿਆਂ ਦੀ ਨਈਂ ਕਾਂਵਾਂ ਦੀ
ਕਾਂਵਾਂ ਜਿਹੀ ਏ ਕਾਂਵਾਂ ਨਾਲ਼ ਪ੍ਰੀਤ
ਨਾ ਪੁੱਛ ਜਿੱਥੋਂ ਸੱਜਣ ਲੰਘਦੇ ਹੋਵਣ
ਕਿੰਜ ਹੁੰਦੀ ਏ ਰਾਹਵਾਂ ਨਾਲ਼ ਪ੍ਰੀਤ
ਅੱਜ ਵੀ ਸਮਝਣ ਬੋਹੜ ਨੂੰ ਮਾਵਾਂ ਵਾਂਗ
ਜਿੰਨ੍ਹਾਂ ਨੂੰ ਏ ਛਾਂਵਾਂ ਨਾਲ਼ ਪ੍ਰੀਤ
‘ਸੰਧੂ’ ਬਚਿਆਂ ਕਈ ਗੁਨਾਹਵਾਂ 'ਤੋਂ
ਰੱਖਕੇ ਕੁਝ ਗੁਨਾਹਾਂ ਨਾਲ਼ ਪ੍ਰੀਤ