ਜਿੱਥੇ ਅੱਖਾਂ ਬੰਦ ਨੇਂ ਉਨ੍ਹਾਂ ਥਾਂਵਾਂ ਦੇ ਦਰਵਾਜ਼ੇ

ਜਿੱਥੇ ਅੱਖਾਂ ਬੰਦ ਨੇਂ ਉਨ੍ਹਾਂ ਥਾਂਵਾਂ ਦੇ ਦਰਵਾਜ਼ੇ 

ਹਾਲੇ ਖੁੱਲਣ ਵਾਲ਼ੇ ਨੇਂ ਕਈ ਰਾਹਵਾਂ ਦੇ ਦਰਵਾਜ਼ੇ

ਇੱਕ ਵੇਲ਼ਾ ਵੱਖ ਨੇਂ ਸਾਡੀ ਸੋਚ ਦੀਆਂ ਵੀ ਗਲ਼ੀਆਂ 

ਇਕ ਵੇਲ਼ਾ ਸੀ ਸਾਂਝੇ ਸਨ ਜਦ ਸਾਹਵਾਂ ਦੇ ਦਰਵਾਜ਼ੇ

ਵੇਖ ਰਿਹਾ ਵਾਂ ਲੱਗੀਆਂ ਹੋਈਆਂ ਉਨ੍ਹਾਂ ਵਿਚ ਵੀ ਇੱਟਾਂ 

ਸ਼ਹਿਰ 'ਚ ਸਨ ਜੋ ਬੋਲਣ ਵਾਲ਼ੇ ਨਾਵਾਂ ਦੇ ਦਰਵਾਜ਼ੇ

ਨਾ ਵੇਲ਼ੇ ਦੀਆਂ ਸ਼ਰਤਾਂ ਨੇਂ ਤੇ ਨਾ ਰਸਮਾਂ ਦੇ ਤਾਲੇ 

ਤੇਰੇ ਲਈ ਨੇਂ ਅੱਜ ਵੀ ਓਵੇਂ ਬਾਂਹਵਾਂ ਦੇ ਦਰਵਾਜ਼ੇ 

ਵੱਸ ਚੱਲਦਾ ਤੇ ਲੋਕਾਂ ਅੰਬਰੋਂ ਉੱਚੀਆਂ ਕੰਧਾਂ ਕਰਕੇ 

ਆਪਣੇ ਵੱਲੇ ਰੱਖ ਲੈਣੇ ਸੀ 'ਵਾਵਾਂ ਦੇ ਦਰਵਾਜ਼ੇ 

ਦੇਸਾਂ ਵਿਚੋਂ ਦੇਸ ਜਿਸਦਾ ਨਾਂ ਪੰਜਾਬ ਮਿੱਤਰਾ 

ਦਿਲ ਨੇਂ ਜਿੱਥੇ ਹੁੰਦੇ ਕਿੰਜ ਦਰਗਾਹਵਾਂ ਦੇ ਦਰਵਾਜ਼ੇ

ਫਿਰ ਸਮਝੋਗੇ ਕਿੱਕਰ ਟਾਹਲੀ ਕੀ ਹੁੰਦੀਆਂ ਨੇਂ ਬੋਹੜਾਂ 

ਧੁੱਪਾਂ ਕੇ ਮੱਲ ਲਏ ਜਿਸ ਦਿਨ ਛਾਂਵਾਂ ਦੇ ਦਰਵਾਜ਼ੇ

ਕਿੰਨੀ ਵਾਰੀ ਇੱਕ ਦੂਜੇ ਵੱਲ ਨੇਂ ਲਾ ਕੇ ਵੇਖੇ ‘ਸੰਧੂ' 

ਬਹੁਤੀ ਦੇਰ ਖਲੋਂਦੇ ਨਈਂ ਨੇਂ ਚਾਵਾਂ ਦੇ ਦਰਵਾਜ਼ੇ

📝 ਸੋਧ ਲਈ ਭੇਜੋ