ਜਿੱਥੇ ਬੈਠੇ ਓਥੇ ਹਉਕੇ ਭਰਦੇ ਰਹੇ ਤੇ ਮਰਦੇ ਰਹੇ
ਰੱਬ ਤੋਂ ਬਹੁਤਾ ਤੈਨੂੰ ਚੇਤੇ ਕਰਦੇ ਰਹੇ ਤੇ ਮਰਦੇ ਰਹੇ
ਕਈ ਕਈ ਰੁੱਤਾਂ ਆਈਆਂ ਗਈਆਂ ਕਈ ਕਈ ਆ ਕੇ ਦਿਨ ਵੀ ਗਏ
ਕੁਝ ਵੀ ਹੋਇਆ ਤੇਰੇ ਉੱਤੇ ਮਰਦੇ ਰਹੇ ਤੇ ਮਰਦੇ ਰਹੇ
ਨਿੱਘ 'ਚ ਸੁੱਤਿਆ ਤੂੰ ਕੀ ਜਾਣੇ ਤੇਰੇ ਨਿੱਘ ਲਈ ਸ਼ਹਿਰ ਦੇ ਵਿਚ
ਕਿਹੜੇ ਕਿਹੜੇ ਰਾਤੀਂ ਪਾਲ਼ੇ ਠਰਦੇ ਰਹੇ ਤੇ ਮਰਦੇ ਰਹੇ
ਉਂਜ ਤੇ ਜੀਂਦੇ ਰਹੇ ਪਰ ਜੀਵਣ ਜੋਗੇ ਨਿੱਤ ਜੀਵਨ ਲਈ
ਇੱਕ ਇੱਕ ਸਾਹ ਤੇ ਸੌ ਸੌ ਮੌਤਾਂ ਜਰਦੇ ਰਹੇ ਤੇ ਮਰਦੇ ਰਹੇ
ਹੋਰ ਤੇ ਕੋਈ ਗੱਲ ਨਾ ਹੋਈ ਉਹੀਓ ਗੱਲ ਈ ਹੁੰਦੀ ਰਹੀ
ਜਿਹੜੀ ਗੱਲ ਤੋਂ ਡਰਦੇ ਮਾਰੇ ਡਰਦੇ ਰਹੇ ਤੇ ਮਰਦੇ ਰਹੇ
ਰੰਗੀਆਂ ਦੇ ਰੰਗ ਵੇਖੋ ਰੰਗ ਦੇ ਸਾਰੇ ਪੱਤੇ ਲੈ ਕੇ ਵੀ
ਰੰਗਾਂ ਵਾਲ਼ੇ ਬਦ-ਰੰਗੀਆਂ ਤੋਂ ਹਰਦੇ ਰਹੇ ਤੇ ਮਰਦੇ ਰਹੇ
‘ਸੰਧੂ’ ਵੇਖੇ ਨੇਂ ਮੈਂ ਉਹ ਜਿੰਨ੍ਹਾਂ ਨੂੰ ਚਾਰ ਨਾ ਸਕਿਆ ਕੋਈ
ਸਾਰੀ ਉਮਰਾਂ ਸੱਜਣਾਂ ਹੱਥੋਂ ਚਰਦੇ ਰਹੇ ਮਰਦੇ ਰਹੇ