ਜਿੱਥੇ ਜਿੱਥੇ ਲੱਗ ਸਕਦੇ ਸੀ ਲਾ ਦਿੱਤੇ

ਜਿੱਥੇ ਜਿੱਥੇ ਲੱਗ ਸਕਦੇ ਸੀ ਲਾ ਦਿੱਤੇ ਨੇ ਸ਼ੀਸ਼ੇ 

ਬਾਕੀ ਦੇ ਮੈਂ ਹਰਫ਼ਾਂ ਨਾਲ਼ ਬਣਾ ਦਿੱਤੇ ਨੇ ਸ਼ੀਸ਼ੇ

ਤੂੰ ਹਾਲੇ ਵੀ ਪੱਥਰਾਂ ਦੇ ਰਾਗਾਂ ਵਿਚ ਐਂ ਫਿਰਦਾ 

ਮੈਂ ਤੇ ਖ਼ੌਰੇ ਕਿੱਥੇ ਕਿੱਥੇ ਗਾ ਦਿੱਤੇ ਨੇ ਸ਼ੀਸ਼ੇ

ਵੇਖ ਲਿਆ ਜੇ, ਹੋ ਜਾਣਾ ਸਭ ਕੁਝ ਸ਼ੀਸ਼ਾ ਸ਼ੀਸ਼ਾ 

ਹੌਲ਼ੀ ਹੌਲ਼ੀ ਏਨੇ ਕੁ ਵਰਤਾ ਦਿੱਤੇ ਨੇ ਸ਼ੀਸ਼ੇ

ਜੇ ਨਾ ਆਪਣਾ ਆਪ ਸਿਆਣਨ ਇਹ ਲੋਕਾਂ ਦੀ ਮਰਜ਼ੀ 

ਵੇਲ਼ੇ ਸਾਨੂੰ ਕਈ ਕਈ ਵਾਰ ਵਿਖਾ ਦਿੱਤੇ ਨੇ ਸ਼ੀਸ਼ੇ

ਸਾਰੇ ਜਗ ਦੀ ਧੂੜ ਦੇ ਵਿਚ ਵੀ ਮੈਲ਼ੇ ਹੋ ਨਈਂ ਸਕਦੇ 

ਹੋ ਇੱਕੋ ਘਰ ਨੇ ਜਗ ਤੇ ਜੋ ਚਮਕਾ ਦਿੱਤੇ ਨੇ ਸ਼ੀਸ਼ੇ

ਲਈ ਫਿਰਨੇ ਵਾਂ ਦਿਲ ਤੇ ਅੱਖ ਨੂੰ ਉਂਜ ਪਰ ਕਿਹਨੂੰ ਦਿੱਸਦੇ 

ਕਿੰਨੇ ਚਿਰ ਤੋਂ ਸੱਜਣਾ ਨੇ ਤਿੜਕਾ ਦਿੱਤੇ ਨੇ ਸ਼ੀਸ਼ੇ 

ਅੰਨ੍ਹਿਆਂ ਨੂੰ ਵੀ ਦੱਸਦੇ ਪਏ ਨੇ ਇੱਕ ਇੱਕ ਕਰਕੇ ‘ਸੰਧੂ’ 

ਕਿੱਥੇ ਸਨ ਤੇ ਕਿੱਥੋਂ ਤੱਕ ਅਪੜਾ ਦਿੱਤੇ ਨੇ ਸ਼ੀਸ਼ੇ

📝 ਸੋਧ ਲਈ ਭੇਜੋ