ਜਿਥੇ ਕਵਿਤਾ ਖ਼ਤਮ ਹੁੰਦੀ ਹੈ

{ਆਪਣੇ ਪਿੰਡ ਦੇ ਅਨਪੜ੍ਹ ਮੁੰਡਿਆਂ ਦੇ ਨਾਂ}

ਟਪੂੰ-ਟਪੂੰ ਦੀ ਉਮਰੇ

ਜੋ ਹਲ ਮਗਰ ਫਿਰ ਫਿਰ ਕੇ

ਤੁਸੀਂ ਖੁੱਚਾਂ ਦਾ ਧੰਦਾ ਸਾਰ ਲੈਂਦੇ ਹੋ,

ਤੇ ਕੂਲੇ ਸੁਫ਼ਨਿਆਂ ਨੂੰ

ਮੁਸ਼ਕੇ ਹੋਏ ਕੁੜਤੇ ਦੇ ਨਾਲ

ਵਾੜ ਉੱਤੇ ਟੰਗ ਛੱਡਦੇ ਹੋ

ਕੌਣ ਲਾ ਸਕਦਾ ਤੁਹਾਡੀ ਜੀਭ ਨੂੰ ਤਾਲਾ

ਤੁਸੀਂ ਤਾਂ ਚਿੰਘਾੜੋਗੇ ਦਾਰੂ ਦੀ ਘੁੱਟ ਪੀ ਕੇ

ਤੁਸੀਂ ਨੰਗੇਜ ਕੱਢ ਦੇਵੋਗੇ ਸ਼ਬਦਾਂ 'ਚੋਂ

ਤੁਸੀਂ ਜਾ ਟਪਕੋਗੇ ਰਾਜੇ ਰਾਣੀ ਦੀ ਬਾਤ ਵਿਚ

ਫੁੱਲਾਂ ਦੇ ਭਾਰ ਤੁਲਦੀ ਉਸ ਰਾਜੇ ਦੀ ਬੇਟੀ ਨੂੰ

ਡਾਂਗ ਅੱਗੇ ਲਾ ਕੇ ਹੱਕਣ ਲਈ

ਜੋ ਹੋਣੀਆਂ ਨਾਲ ਘੁਲਣ ਦੀਆਂ ਰੱਖਦੀ ਹੈ ਸ਼ਰਤਾਂ

ਕੇਵਲ ਚਾਰ ਭਵਾਟਣੀਆਂ ਦੇ ਬਦਲੇ-

ਮੇਰੇ ਦੋਸਤੋ, ਕੀ ਦੱਸਾਂ

ਬੜਾ ਪੁਰਾਣਾ ਹੈ ਸਵਾਲਾਂ ਦਾ ਦਰਖ਼ਤ

ਤੇ ਇਸ ਦੇ ਪੱਤਿਆਂ ਨਾਲ ਲਾਡ ਕਰ ਰਹੀ ਹੈ

ਸਿਆਸਤ ਦੀ ਹਵਾ,

ਤੇ ਬਾਕੀ ਸਭ ਕੁਝ ਛੱਡ ਦਿੱਤਾ ਗਿਆ ਹੈ

ਕਹੀਆਂ, ਕੁਹਾੜੇ ਵਾਲਿਆਂ ਦੀ ਅਕਲ ਉਤੇ…

ਉਂਜ ਤਾਂ ਇਕ ਸਵਾਲ ਇਹ ਵੀ ਹੈ

ਕਿ ਸੁਫ਼ਨਿਆਂ ਦੇ ਉੱਡ ਰਹੇ ਰਾਕਟ ਦੇ

ਕਿਉਂ ਨਾਲ ਨਾਲ ਤੁਰਦੀ ਹੈ ਮਸਰਾਂ ਦੀ ਦਾਲ ?

ਤੇ ਇਹ ਵੀ ਕਿ

ਕਿਉਂ ਉੱਭਰ ਆਉਂਦਾ ਹੈ ਸੁਪਨਦੋਸ਼ ਦੇ ਸਮੇਂ

ਪਰੂੰ ਮਰ ਗਈ ਕੱਟੀ ਦਾ ਬਿੰਬ ?

ਮਾਫ਼ ਕਰਨਾ ਮੇਰੇ ਪਿੰਡ ਦੇ ਯਾਰੋ

ਕਵਿਤਾ ਲਿਖਣ ਵਾਲਾ ਇਹ ਪੜ੍ਹਾਕੂ ਮੁੰਡਾ

ਤੁਹਾਡੇ ਮਸਲਿਆਂ ਨੂੰ ਹਲ ਨਹੀਂ ਕਰ ਸਕਦਾ।

ਪੰਜ ਵਾਰੀ ਜੇਲ੍ਹ ਕੱਟ ਆਉਣਾ

ਜਾਂ ਦੂਰ ਸ਼ਹਿਰਾਂ ਦੀਆਂ ਸਟੇਜਾਂ ਉੱਤੇ

ਪੁਲਸ ਕੋਲੋਂ ਖਾਧੇ ਹੋਏ ਟੰਬਿਆਂ ਦਾ ਜ਼ਿਕਰ ਕਰਨਾ

ਤੁਹਾਡੀ ਸੜ ਰਹੀ ਦੁਨੀਆਂ ਲਈ

ਕਿਸੇ ਸੁਕੇ ਹੋਏ ਛੱਪੜ ਦੇ ਵਾਂਗ ਹੈ।

ਕਵਿਤਾ ਤੁਹਾਡੇ ਲਈ

ਵਿਰੋਧੀ ਪਾਰਟੀਆਂ ਦੇ ਬੈਂਚਾਂ ਵਰਗੀ ਹੈ

ਜੋ ਸਦਾ ਅੱਗ ਅੱਗ ਦਾ ਸ਼ੋਰ ਪਾਉਂਦੇ ਹਨ

ਅਤੇ ਅੱਗ ਨਾਲ ਖੇਡਣ ਦੀ ਮਨਾਹੀ ਨੂੰ

ਹਮੇਸ਼ਾ ਸਿਰ ਝੁਕਾਉਂਦੇ ਹਨ।

ਮਾਫ਼ ਕਰਨਾ ਮੇਰੇ ਪਿੰਡ ਦੇ ਯਾਰੋ

ਮੇਰੀ ਕਵਿਤਾ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀ।

ਮਸਲਿਆਂ ਦਾ ਮਤਾ ਮੇਰੇ ਦੋਸਤੋ ਕੁਝ ਇਸ ਤਰ੍ਹਾਂ ਹੁੰਦੈ

ਕਿ ਕਵਿਤਾ ਉੱਕਾ ਹੀ ਨਾਕਾਫ਼ੀ ਹੁੰਦੀ ਹੈ

ਤੇ ਤੁਸੀਂ ਬੜੀ ਦੂਰ ਨਿਕਲ ਜਾਂਦੇ ਹੋ-

ਤਿੱਖੀਆਂ ਚੀਜ਼ਾਂ ਦੀ ਭਾਲ ਵਿਚ

ਮਸਲਿਆਂ ਦਾ ਮਤਾ ਕੁਝ ਏਦਾਂ ਦਾ ਹੁੰਦਾ ਹੈ

ਕਿ ਤੁਹਾਡਾ ਸਬਰ ਥੱਪੜ ਮਾਰ ਦਿੰਦਾ ਹੈ

ਤੁਹਾਡੇ ਕਾਇਰ ਮੂੰਹ ਉੱਤੇ

ਅਤੇ ਤੁਸੀਂ ਉਸ ਜਗ੍ਹਾ ਤੋਂ ਸ਼ੁਰੂ ਕਰਦੇ ਹੋ

ਜਿਥੇ ਕਵਿਤਾ ਖ਼ਤਮ ਹੁੰਦੀ

📝 ਸੋਧ ਲਈ ਭੇਜੋ