ਜਿੱਥੇ ਠੱਲੇ ਉੱਥੇ ਠੱਲੇ ਰਹਿ ਗਏ

ਜਿੱਥੇ ਠੱਲੇ ਉੱਥੇ ਠੱਲੇ ਰਹਿ ਗਏ ਨੀ ਦਰਿਆ 

ਖ਼ੌਰੇ ਕਿੰਨੇ ਅੱਖਾਂ ਥੱਲੇ ਰਹਿ ਗਏ ਨੀ ਦਰਿਆ

ਅੱਧੇ ਪਾਣੀ, ਅੱਧੇ ਪਿੰਡ ਤੇ ਅੱਧੇ ਸਾਡੇ ਸ਼ਹਿਰ 

ਅੱਧੇ ਸਾਡੇ ਤੇਰੇ ਵੱਲੇ ਰਹਿ ਗਏ ਨੀ ਦਰਿਆ

ਪੁੱਛਣਾ ਤੇ ਵੰਡਾਂ ਦਾ ਦੁੱਖ ਸਾਡੇ ਕੋਲ਼ੋਂ ਪੁੱਛੀਂ

ਜਿੰਨਾਂ ਦੇ ਅੱਜ ’ਕੱਲੇ ’ਕੱਲੇ ਰਹਿ ਗਏ ਨੀ ਦਰਿਆ

ਠਾਠਾਂ ਮਾਰਨ ਵਾਲ਼ੇ ਸਨ ਜੋ ਦੱਸ ਕੀ ਦੱਸਾਂ ਮੈਂ

ਸੁੱਕ ਭੜੁੱਕੇ ਕਿਹੜੀ ਗੱਲੋਂ ਰਹਿ ਗਏ ਨੀ ਦਰਿਆ

ਲਿਖਾਂ ਵੀ ਤੇ ਅੱਜ ਪੰਜਾਬ ਦਾ ਲਿਖਾਂ ਕੀ ਮੈਂ ਨਾਂ 

ਗਿਣਵੇਂ ਚੁਣਵੇਂ ਜਿਹਦੇ ਪੱਲੇ ਰਹਿ ਗਏ ਨੀ ਦਰਿਆ 

ਨਾ ਉਹ ਛੱਲਾਂ ਤੇ ਅੱਜ ਨਾ ਉਹ ਸ਼ੂਕ ਸ਼ਕਾਟੇ ਨੀ 

‘ਸੰਧੂ’ ਹੁਣ ਤੇ ਝੱਲ ਵਲੱਲੇ ਰਹਿ ਗਏ ਨੀ ਦਰਿਆ

📝 ਸੋਧ ਲਈ ਭੇਜੋ