ਜਿੱਤੀ ਬਾਜ਼ੀ ਮੈਂ ਹਾਰ ਕੇ ਰੋਇਆ।
ਮੱਚਦੀ ਅੱਗ ਠਾਰ ਕੇ ਰੋਇਆ।
ਅਪਣੇ ਚਿਹਰੇ ਤੋਂ ਇਕ ਦਿਨ ਉਹ ਵੀ,
ਸਾਰੇ ਚਿਹਰੇ ਉਤਾਰ ਕੇ ਰੋਇਆ।
ਜ਼ਿੰਦਗੀ ਕੀ ਹੈ ਜਦ ਸਮਝ ਆਈ,
ਜ਼ਿੰਦਗੀ ਨੂੰ ਵਿਚਾਰ ਕੇ ਰੋਇਆ।
ਸੀ ਅਜਬ ਸ਼ਖ਼ਸ ਮੇਰੇ ਸ਼ੀਸ਼ੇ 'ਤੇ,
ਮਾਰਿਆ ਸੰਗ ਮਾਰ ਕੇ ਰੋਇਆ।
ਦੂਰ ਹੋ ਕੇ ਉਹ ਅਪਣੀ ਮਿੱਟੀ ਤੋਂ,
ਜ਼ਿੰਦਗੀ ਨੂੰ ਸੰਵਾਰ ਕੇ ਰੋਇਆ।