ਜਿਊਂਦੀਆਂ ਮਾਰੀਏ ਨਾ

ਕੱਲਯੁੱਗ ਪੂਰਾ ਸਿਖਰਾਂ ਉੱਤੇ ਨੱਚ ਰਿਹਾ,

ਲਾਲਚ ਦੇ ਵੱਸ ਵੇਖ ਵੱਧ ਗਈਆਂ ਭੁੱਖਾਂ ਨੇ॥

ਰੱਬ ਵੀ ਝੁੱਕਦਾ ਜਿੱਥੇ ਮਾਂ ਦੀ ਮਮਤਾ ਨੂੰ,

ਪੈਸੇ ਨੇ ਹੁਣ ਜਮ੍ਹਾਂ ਖਾ ਲਈਆਂ ਕੁੱਖਾਂ ਨੇ॥

ਜਿਹੜੇ ਸੰਘਣੇ ਰੁੱਖ ਨੇ ਕੀਤੀ ਛਾਂ ਹੋਵੇ,

ਉਸੇ ਰੁੱਖ ਨੂੰ ਕਦੇ ਵੀ ਜੜ੍ਹੋ ਉਖਾੜੀਏ ਨਾਂ॥

ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ,

ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥

ਪਾਲਿਆ ਹੋਵੇ ਜਿਸਨੇ ਤੰਗੀਆਂ ਝੱਲ-ਝੱਲ ਕੇ,

ਪਾਉਣਾ ਚਾਹੀਦਾ ਮੁੱਲ ਪੁੱਤਰਾ ਤੰਗੀਆਂ ਦਾ॥

ਜੇ ਮਾਂ ਦੀ ਚੁੰਨੀ ਪਾਟੀ ਹੋਈ ਨੁੱਕਰਾਂ ਤੋਂ,

ਕੀ ਫਾਇਦਾ ਤੇਰੀਆਂ ਰੰਗ ਬਰੰਗੀਆਂ ਦਾ॥

ਗੱਲੀਂ ਬਾਤੀ ਸਰਵਨ ਪੁੱਤ ਨਈ ਬਣ ਹੁੰਦਾ,

ਠੰਢੇ ਦੁੱਧ ਨੂੰ ਫੂਕਾਂ ਲਾ-ਲਾ ਠਾਰੀਏ ਨਾ॥

ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ,

ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥

ਵਿੱਚ ਬੁਢਾਪੇ ਜਿਹੜੇ ਪਾਸਾ ਵੱਟ ਜਾਦੇ,

ਕੀ ਫਾਇਦਾ ਦੱਸ ਐਸੀ ਜੰਮੀਂ ਔਲਾਦ ਉੱਤੇ॥

ਸਾਂਭਣ ਦੀ ਥਾਂ ਜਿਹੜਾ ਧੱਕੇ ਮਾਰਦਾ ਏ,

ਲੱਖ ਦੀ ਲਾਹਨਤ ਐਸੇ ਪੁੱਤ ਜਲ਼ਾਦ ਉੱਤੇ॥

ਮਾਂਵਾਂ ਠੰਡੀਆਂ ਛਾਂਵਾਂ ਦੇਣ ਦੁਆਂਵਾਂ ਜੀ,

ਬੁੱਢੜੀ ਮਾਂ ਨੂੰ ਭੁੱਲਕੇ ਵੀ ਦੁਰਕਾਰੀਏ ਨਾ॥

ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ,

ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥

ਜਿਸ ਛਾਤੀ ਚੋ’ ਚੁੰਘਿਆ ਹੋਵੇ ਸ਼ੀਰਾਂ ਨੂੰ,

ਉਸ ਛਾਤੀ ਤੇ ਕਦੇ ਵੀ ਗੋਡਾ ਧਰੀਏ ਨਾ॥

ਜਿਸਨੇ ਜੱਗ ਵਿਖਾਇਆ ਹੋਵੇ ਚੰਦਰਿਆ,

ਉਸ ਕੁੱਖ ਦੇ ਨਾਲ ਚਲਾਕੀ ਕਰੀਏ ਨਾ॥

(ਤੇਰੇ) ਸਾਫ਼ ਪੋਤੜੇ ਕੀਤੇ ਜਿੰਨੇ ਬਚਪਨ 'ਚ

ਵਿੱਚ ਜਵਾਨੀ ਕਦੇ ਵੀ ਖੰਭ ਖਲਾਰੀਏ ਨਾ॥

ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ,

ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥

ਰੱਬ ਵਾਂਗਰਾਂ ਪੂਜੀਏ ਮੁੱਖੜਾ ਮੋੜੀਏ ਨਾ,

ਕਦੇ ਨਾ ਦਿਲ ਦੁਖਾਈਏ ‘ਸੱਤਿਆ’ ਮਾਂਵਾਂ ਦਾ॥

ਜੇ ਤੂੰ ਕਮਲਿਆ ਮਾਂ ਦਾ ਹਿਰਦਾ ਠਾਰਿਆ ਨਾ,

ਕੀ ਫਾਇਦਾ ਤੇਰੇ ਵੱਡੇ-ਵੱਡੇ ਨਾਂਵਾਂ ਦਾ॥

ਫਰੀਦ ਸਰਾਈਆ ਤੁਰ ਤਾਂ ਜਾਣਾ ਸਾਰਿਆ ਨੇ,

ਬਦੀਆਂ ਖੱਟਕੇ ਕਦੇ ਵੀ ਸਮਾਂ ਗੁਜਾਰੀਏ ਨਾ॥

ਕਿਤੇ ਮਹਿੰਗੀਆਂ ਮਾਂਵਾਂ ਦੌਲਤ ਸ਼ੌਹਰਤ ਤੋਂ,

ਦੌਲਤ ਦੇ ਲਈ ਕਦੇ ਜਿਊਂਦੀਆਂ ਮਾਰੀਏ ਨਾ॥

📝 ਸੋਧ ਲਈ ਭੇਜੋ