ਇਹ ਜੀਵਨ ਬਿਖੜਾ ਪੈਂਡਾ, ਸੱਜਣਾ ਚਲਦਾ ਰਹੁ।
ਰੁਸ਼ਨਾ ਦੇ ਰਾਹ, ਬਣ ਦੀਵਾ, ਤੂੰ ਬਲਦਾ ਰਹੁ ।
ਇਸ ਰਸਤੇ ਨੇ ਤੇਰੇ ਨਾਲ ਹੀ, ਇਕ ਦਿਨ ਮੁੱਕਣਾ ਹੈ।
ਇਸ ਦੁਨੀਆਂ ਦੀ ਭਟਕਣ ਨੇ, ਤਦ ਰੁਕਣਾ ਹੈ॥
ਉਸ ਦਿਨ ਤੱਕ ਚਲਦੇ ਰਹਿਣਾ, ਹੀ ਹੈ ਕਰਮ ਤੇਰਾ ।
ਸੱਚ ਸੁਣਨਾ, ਸੱਚ ਕਹਿਣਾ, ਹੀ ਹੈ ਧਰਮ ਤੇਰਾ।
ਝਰਨਾ ਬਣ ਪਿਆਸਿਆਂ ਦੇ ਅੱਗੇ ਫੁਟਦਾ ਰਹੁ।
ਖੁਦ ਲੁਟਾ ਕੇ ਐਦਾਂ ਈ ਬੁੱਲੇ ਲੁੱਟਦਾ ਰਹੁ॥
ਇਹ ਚਿੰਤਾ, ਇਹ ਦੁੱਖ ਜੋ ਚਲਦੇ ਨਾਲ ਤੇਰੇ।
ਤਰਸਯੋਗ ਜੋ ਕਰ ਜਾਂਦੇ ਨੇ ਹਾਲ ਤੇਰੇ।
ਇਹ ਸਭ ਤੈਨੂੰ ਤਰਾਸ਼ਣ ਦੇ ਲਈ ਰੰਦੇ ਨੇ।
ਕੀ ਕੀਤਾ, ਜੇ ਨਾ ਦੁੱਖ ਹੰਢਾਇਆ ਬੰਦੇ ਨੇ॥
ਜਦ ਤੱਕ ਮੈਂ ਵਿੱਚ ਮੈਂ ਦੀ ਤੂਤੀ ਵੱਜਦੀ ਰਹੂ।
ਇਹ ਜਿੰਦ ਇੰਝ ਹੀ, ਭਟਕਣ ਦੇ ਵਿੱਚ ਭੱਜਦੀ ਰਹੂ।
ਸੁਖ ਦੁੱਖ, ਸੁਖ ਦੁੱਖ, ਸੁਖ ਦੁੱਖ ਚਲਦੇ ਰਹਿਣੇ ਨੇ।
ਜੋ ਬੀਜੇ ਓਹੀ ਫ਼ਲ ਵੱਢਣੇ ਪੈਣੇ ਨੇ॥
ਇੰਝ ਹੀ ਚਲਦੇ ਰਹਿਣਾ, ਹੈ ਇਸ ਚੱਕਰ ਨੇ।
ਸਾਬਤ ਕੇਵਲ ਰਹਿੰਦੇ, ਆਸ਼ਕ, ਫੱਕਰ ਨੇ।
ਜਿਨ੍ਹਾਂ ਅੰਦਰ ਪ੍ਰੇਮ ਦੇ ਭਾਂਬੜ ਮੱਚ ਉੱਠੇ।
ਓਹੀ ਯਾਰ ਦੀ ਵੰਝਲੀ ਉੱਤੇ, ਨੱਚ ਉੱਠੇ॥
"ਮੰਡੇਰ" ਵੀ ਫਸਦਾ ਨਿੱਤ ਕਿਸਮਤ ਦਿਆਂ ਜਾਲਾਂ ਵਿੱਚ ।
ਬੌਂਦਲਿਆ ਜਿਹਾ ਪਿਆ ਸਮੇਂ ਦੀਆਂ ਚਾਲਾਂ ਵਿੱਚ ।
ਜਿੰਦ ਰੇਤਲੀ ਮਿੱਟੀ ਪਲ ਪਲ ਕਿਰਦੀ ਹੈ।
ਬੱਸ ਯਾਰ ਨੂੰ ਪਾਉਣ ਦੀ ਤਾਂਘ, ਜੋ ਖਿੱਚੀ ਫਿਰਦੀ ਹੈ॥