ਮੈਂ ਇੱਕ ਪੱਥਰ, ਅੰਸ਼ ਖੁਦਾ ਦਾ,

ਧਰਤੀ ਜੇਡ ਪੁਰਾਣਾ,

ਨਿੱਤ ਨਵੀਂ ਮੈਨੂੰ ਸ਼ਕਲ ਦੇ ਦੇਦਾਂ,

ਨਦੀ ਦਾ ਇਹ ਮੁਹਾਣਾ।

ਬਹੁਤਾ ਚੱਲਿਆ, ਠੇਡੇ ਖਾਧੇ,

ਪਲ ਪਲ ਰਿਹਾ ਮੈਂ ਖੁਰਦਾ,

ਕਦੇ ਸੀ ਚਾਹਤ, ਕਦੇ ਸੀ ਧੱਕਾ,

ਐਪਰ ਰਿਹਾ ਮੈਂ ਤੁਰਦਾ।

ਬਦਨ ਮੇਰੇ ਦੀ ਮਿੱਟੀ ਬਣ ਗਈ,

ਵਹਿ ਗਿਆ ਵਿੱਚ ਮੈਦਾਨੀ।

ਇੱਕ ਬੀਜ ਮੇਰੀ ਕੁੱਖ ਵਿੱਚ ਡਿੱਗਾ,

ਅੱਗੇ ਵਧੀ ਕਹਾਣੀ।

ਓਸ ਬੀਜ ਤੋਂ ਰੁੱਖ ਮੈਂ ਬਣਿਆ,

ਖਾ ਲਿਆ ਕਿਸੇ ਪ੍ਰਾਣੀ,

ਕਦੇ ਮਾਸ, ਕਦੇ ਖੂਨ ਦੇ ਨਾਂ ਤੇ,

ਦੌੜਿਆ ਰਗ ਰਗ ਥਾਣੀ।

ਇੱਕ ਦਿਨ ਫੇਰ ਆਦਮ ਮੈਂ ਬਣਿਆ,

ਸਭ ਤੋਂ ਅਕਲ ਸਿਆਣੀ।

ਅਗਨੀ ਲੱਭੀ, ਪਾਣੀ ਲੱਭਿਆ,

ਬਹੁਤੀ ਖਾਕ ਮੈਂ ਛਾਣੀ।

ਬੜੀ ਤਰੱਕੀ ਬਿਜਲੀ ਲੱਭ ਲਈ,

ਕੁਦਰਤ ਕੁੱਲ ਪਛਾਣੀ।

ਫੇਰ ਨਹੀਂ ਮੈਂ ਪਿੱਛੇ ਤੱਕਿਆ,

ਪੱਕੀ ਦਿਲ ਵਿੱਚ ਠਾਣੀ।

ਪਦਾਰਥਾਂ ਦਾ ਮੈਂ ਰਾਜਾ ਬਣਿਆ,

ਇੱਛਾ ਮੇਰੀ ਰਾਣੀ।

ਇਹ ਲਾਲਸਾ ਵੱਧਦੀ ਜਾਵੇ,

ਪਾਣੀ ਵਿੱਚ ਮਧਾਣੀ।

ਹੁਣ ਮੈਂ ਸੋਚਾਂ ਕਿੱਥੇ ਗਿਆ,

ਉਲਝ ਗਈ ਜਦ ਤਾਣੀ।

ਕੱਲਾ ਆਇਆ, ਕੱਲੇ ਜਾਣਾ,

ਕੋਈ ਨਾ ਮੇਰਾ ਹਾਣੀ।

ਇੱਕ ਦਿਨ ਸਭ ਖਾਕ ਜਾ ਹੋਇਆ,

ਬਦਲੀ ਸਭ ਕਹਾਣੀ।

ਧੜਕਣ ਦਿਲ ਦੀ ਰੁੱਕ ਗਈ ਉਸ ਦਿਨ,

ਥਮ ਗਿਆ ਸੂਹਾ ਪਾਣੀ।

ਫੇਰ ਮੁੜਕੇ ਪੱਥਰ ਮੈਂ ਹੋਇਆ,

ਫੇਰ ਫੇਰ ਉਹੀ ਕਹਾਣੀ।

"ਮੰਡੇਰ" ਨੂੰ  ਹੁਣ ਤੂੰ ਰੱਖ ਲੈ ਆਪੇ,

ਫਸ ਗਈ ਜਿੰਦ ਨਿਮਾਣੀ

📝 ਸੋਧ ਲਈ ਭੇਜੋ