ਜੀਵਨ ਦੇ ਵਿਚ ਸਾਨੂੰ ਐਨੇ ਤਲਖ਼ ਤਜਰਬੇ ਹੋਏ ।
ਲਫ਼ਜ਼ਾਂ ਦੀ ਜੋ ਡੋਰ 'ਚ ਜਾਵਣ ਨਾਹੀਂ ਯਾਰ ਪਰੋਏ ।
ਮੱਝਾਂ ਦਾ ਅਜ ਛੇੜੂ ਲਗਦਾ ਕੈਦੀ ਕਿਧਰੇ ਹੋਇਆ,
ਤਾਹੀਉਂ ਤਾਂ ਪਿਆ ਨਾਢੂ ਬਣ ਕੇ ਕੈਦੋਂ ਬੂਰੀ ਚੋਏ ।
ਆਪਣੀ ਆਪ ਕਮਾ ਕੇ ਖਾਈਏ ਅਣਖੀ ਜੀਣ ਹੰਢਾਈਏ,
ਯਾ ਰਬ ਸਾਈਂ ਰੱਖੀਂ ਸਾਡੇ ਨੈਂਣ-ਪਰਾਣ ਨਰੋਏ ।
ਇੰਜ ਦਾ ਪਾਸ ਕਰੋ ਕਾਨੂੰਨ ਅਸੰਬਲੀ ਦੇ ਵਿਚ ਜਾ ਕੇ,
ਉਹਦੀ ਕਾਤਿਲ ਬਣੇ ਹਕੂਮਤ ਭੁੱਖ ਥੀ ਜਿਹੜਾ ਮੋਏ ।
ਸੁਣਿਐਂ ਸਾਰੀ ਰਾਤ ਫ਼ਰਿਸ਼ਤੇ ਉਸ ਤੇ ਲਾਹਨਤ ਭੇਜਣ,
ਭੁੱਖੇ ਹੋਣ ਗਵਾਂਢੀ ਜੀਹਦੇ ਤੇ ਉਹ ਰੱਜ ਕੇ ਸੋਏ ।
'ਸ਼ਾਕਿਰ' ਧਰ ਕੇ ਸਿਰ ਰੱਬ ਅੱਗੇ ਰੋ-ਰੋ ਕੇ ਇਹ ਆਖੇ,
ਤੂੰ ਨਾ ਢੋਈਂ ਬੂਹਾ ਆਪਣਾ ਲੱਖ ਵਾਰੀ ਜਗ ਢੋਏ ।