ਜੀਵਨ-ਜੋਤ ਸਰੂਪੀ

ਨਿੰਦਿਆ ਚੁਗ਼ਲੀ ਵਿੱਚ ਤੂੰ ਬੰਦਿਆ

ਜੀਵਨ ਤਾਈਂ ਗਵਾਇਆ ਹੈ

ਰਤਨ ਅਮੋਲਕ ਕੋਹਿਨੂਰ ਨੂੰ

ਕੋਡੀਆਂ ਭਾਅ ਵਿਕਾਇਆ ਹੈ।

ਕਾਮ ਕ੍ਰੋਧ ਦੇ ਪਿੱਛੇ ਲੱਗ ਤੂੰ

ਆਪਣਾ ਪਰਕਾ ਭੁੱਲ ਬੈਠੋਂ

ਜੋਤ ਸਰੂਪੀ ਹੁੰਦਿਆਂ ਹੋਇਆਂ

ਆਪਣਾ ਮੂਲ ਭੁਲਾਇਆ ਹੈ।

ਬੰਦਾ, ਬੰਦੇ ਦਾ ਦਾਰੂ ਹੈ

ਮੁੱਢ ਕਦੀਮੀ ਪੜ੍ਹਿਆ ਸੀ

ਬੰਦਾ, ਬੰਦੇ ਦਾ ਵੈਰੀ ਤੱਕ

ਜੀ ਡਾਢਾ ਕੁਰਲਾਇਆ ਹੈ।

ਵਿੱਦਿਆ, ਸਿਹਤ, ਪੇਟ ਭਰ ਰੋਟੀ

ਲੁੱਟ ਖੋਹ ਦਾ ਵਿਉਪਾਰ ਹੈ ਹੁਣ

ਪੂੰਜੀਵਾਦ ਲੁਟੇਰੇ ਨੇ

ਸੇਵਾ ਨੂੰ ਜੜੋਂ ਮੁਕਾਇਆ ਹੈ।

ਘਰ ਬਾਹਰ ਭਰ ਲਏ ਨੇ ਸਾਰੇ

ਨੀਤਾਂ ਅਜੇ ਵੀ ਭੁੱਖੀਆਂ ਨੇ

ਕੋਝੀ ਕਾਮੁੱਕ ਭੁੱਖ ਦੀ ਖ਼ਾਤਿਰ

ਅਬਲਾ ਦਾ ਲਹੂ ਬਹਾਇਆ ਹੈ।

ਰਾਂਝਣ, ਪੁੰਨਣ, ਮਹੀਂਵਾਲ ਜਿਹੇ

ਆਸ਼ਕ ਬੱਸ ਕਿਤਾਬੀ ਨੇ

ਛੱਟਾ ਮਾਰ ਤੇਜਾਬ ਦਾ ਅੱਜ

ਸੋਹਣੀ ਦਾ ਰੂਪ ਜਲਾਇਆ ਹੈ।

ਖ਼ੂਨ ਪਸੀਨਾ ਇੱਕ ਕਰਕੇ ਜਿਸ

ਬੰਜਰ ਹੈ ਹਰਿਆ ਕੀਤਾ

ਕਰੇ ਖ਼ੁਦਕਸ਼ੀ ਕਰਜੇ ਡੁੱਬਾ

ਅੱਜ, ਤਰਸ ਕਿਸੇ ਨਾ ਆਇਆ ਹੈ।

ਝਰਨੇ, ਨਦੀਆਂ ਬਰਫ਼ਾਂ ਦੇ ਇਸ

ਮੁਲਕ ਨੂੰ ਚੰਦਰੀ ਨਜ਼ਰ ਲੱਗੀ

ਸੁੱਕ ਗਏ ਪਾਣੀ ਦੇ ਸੋਮੇ

ਜੀਅ ਜੰਤ ਫਿਰੇ ਤ੍ਰਿਹਾਇਆ ਹੈ।

ਲੋਭੀ ਬੰਦੇ ਦੀ ਸੋਚ ਨਾਲ

ਕੁਦਰਤ ਦਾ ਵਿਗੜ ਨਿਜ਼ਾਮ ਗਿਆ

ਜੰਨਤ ਜਿਹੀ ਸੁਹਣੀ ਧਰਤੀ ਨੂੰ

ਪੱਥਰਾਂ ਦਾ ਸ਼ਹਿਰ ਬਣਾਇਆ ਹੈ।

ਛੱਡ ਯਾਰਾ ਹਿਸਾਬ ਕਿਤਾਬ

ਠੱਠਾ ਮਖੌਲ ਵੀ ਕਰਿਆ ਕਰ

ਰਿਸ਼ਤਿਆਂ ਦੀ ਕੁਝ ਸਮਝ ਨਾ ਤੈਨੂੰ

ਆਪਣਾ ਮਜ਼ਾਕ ਉਡਾਇਆ ਹੈ।

‘ਉੱਪਲ’ ਇਹ ਦੁਨੀਆ ਐਸੀ ਹੈ

ਆਪਣੀ ਚਾਲੇ ਟੁਰੀ ਜਾਏ

ਕਿਸੇ ਵਿਰਲੇ ਮਰਦ ਅਗੰਮੜੇ ਨੇ

ਜੀਵਨ ਦਾ ਰੁਖ ਵਟਾਇਆ ਹੈ।

📝 ਸੋਧ ਲਈ ਭੇਜੋ