ਜੋ ਬਹੁਤ ਜ਼ੋਰਾਵਰ ਜਿਹਾ ਲੱਗਦਾ,
ਉਸ ਨੂੰ ਸ਼ੀਸ਼ੇ ਤੋਂ ਡਰ ਜਿਹਾ ਲੱਗਦਾ।
ਭੁਗਤਦੇ ਹਾਂ ਸਰਾਪ ਅੱਜ ਓਹੀ,
ਜਿਹੜਾ ਕਲ੍ਹ ਤਕ ਸੀ ਵਰ ਜਿਹਾ ਲੱਗਦਾ।
ਹਾਰ ਕੇ ਰੁਕਿਆ ਰਾਹ 'ਚ ਹਰ ਰਾਹੀ,
ਖੌਰੇ ਕਿਉਂ ਹਮਸਫ਼ਰ ਜਿਹਾ ਲੱਗਦਾ।
ਜਿਹੜੇ ਦਰ ਤੋਂ ਵੀ ਰੱਦ ਹੋਇਆਂ ਮੈਂ,
ਹਰ ਉਹ ਦਰ ਤੇਰੇ ਦਰ ਜਿਹਾ ਲੱਗਦਾ।
ਕੋਈ ਦੁਸ਼ਮਣ ਹੈ ਵਸ ਗਿਆ ਦਿਲ ਵਿਚ,
ਮੈਨੂੰ ਯਾਰਾਂ ਤੋਂ ਡਰ ਜਿਹਾ ਲੱਗਦਾ।
ਹੈ ਉਹੋ ਜਾਣੀ ਜਾਣ ਖ਼ਬਰੇ, ਜੋ,
ਚੁੱਪ ਜਿਹਾ ਬੇਖ਼ਬਰ ਜਿਹਾ ਲੱਗਦਾ।
ਕੈਸੀ ਮਹਿਫ਼ਲ ਹੈ, ਜਿਸ 'ਚ ਮੁਖ਼ਬਰ ਵੀ
ਆਦਮੀ ਮੁਅਤਬਰ ਜਿਹਾ ਲੱਗਦਾ।
ਕਿਧਰੇ ਗੜਬੜ ਜ਼ਰੂਰ ਹੈ ਕੋਈ,
ਹੁਣ ਤਾਂ ਦਫ਼ਤਰ ਵੀ ਘਰ ਜਿਹਾ ਲੱਗਦਾ ।
ਤੂੰ ਤਾਂ ਮੈਨੂੰ ਵਰਾਉਣ ਆਇਆ ਏਂ,
ਤੇਰਾ ਦਾਮਨ ਕਿਉਂ ਤਰ ਜਿਹਾ ਲੱਗਦਾ।