ਜੋ ਤੈਥੋਂ ਲਏ ਦਿਨ ਉਧਾਰੇ ਅਸੀਂ

ਜੋ ਤੈਥੋਂ ਲਏ ਦਿਨ ਉਧਾਰੇ ਅਸੀਂ। 

ਪੁੱਛੋ ਕਿਸ ਤਰ੍ਹਾਂ ਉਹ ਗੁਜ਼ਾਰੇ ਅਸੀਂ । 

ਉਡਾਇਆ ਤੂਫਾਨਾਂ ਨੇ ਸਾਡਾ ਮਜ਼ਾਕ 

ਤਰੇ ਜਦ ਕਿਨਾਰੇ ਕਿਨਾਰੇ ਅਸੀਂ । 

ਨਿਸ਼ਾਨੇ ਤੇ ਇਕ ਵੀ ਬੈਠਾ ਕਦੇ 

ਬੜੇ ਤੀਰ ਤੇ ਤੀਰ ਮਾਰੇ ਅਸੀਂ।

ਤਿਰੇ ਨਾਂ ਤੇ ਕ਼ਾਤਲ ਨੇ ਵੰਗਾਰਿਆ 

ਤਿਰਾ ਨਾਮ ਇਕਦਮ ਪੁਕਾਰੇ ਅਸੀਂ।

ਆਇਆ ਸਲੀਕਾ ਅਜੇ ਜੀਣ ਦਾ 

ਬਿਸ਼ਕ ਪੈਰ ਚੰਨ ਤਕ ਪਸਾਰੇ ਅਸੀਂ।

ਹਸੀਨੋਂ ਤੁਸੀਂ ਸਾਡੇ ਕ਼ਾਤਿਲ ਨਹੀਂ 

ਮਰੇ ਹਾਂ ਮੁਹੱਬਤ ਦੇ ਮਾਰੇ ਅਸੀਂ। 

ਖਿਲਾਰੇਗਾ ਹਾਸੇ ਅਸਾਡੇ ਉਹ ਫੇਰ 

ਕਿਵੇਂ ਸੋਚੀਏ ਉਹਦੇ ਬਾਰੇ ਅਸੀਂ।

ਮਲਾਹ ਦੌੜੇ ਆਏ ਉਦੋਂ ਸਾਡੇ ਵਲ 

ਜਦੋਂ ਆਣ ਲੱਗੇ ਕਿਨਾਰੇ ਅਸੀਂ !

ਤੁਸੀਂ ਪਿਆਰ ਕੀਤਾ ਤੇ ਕੀਤਾ ਉਦੋਂ 

ਜਦੋਂ ਹੋਏ ਅੱਲਾ ਨੂੰ ਪਿਆਰੇ ਅਸੀਂ

ਬੜਾ ਕੰਮ ਲਿਆ ਇਕੋ ਬੋਤਲ ਦੇ ਨਾਲ 

ਕਈ ਸ਼ੇਖ 'ਹਮਦਰਦ' ਤਾਰੇ ਅਸੀਂ।

📝 ਸੋਧ ਲਈ ਭੇਜੋ