ਜੋ ਵੀ ਪਾਂਧੀ ਏਸ ਰਸਤੇ ਤੋਂ ਦੀ ਹੋ ਕੇ ਜਾਏਗਾ।
ਤੇਰੀਆਂ ਪੈੜਾਂ ਨੂੰ ਚੁਕ ਚੁਕ ਨਾਲ ਸੀਨੇ ਲਾਏਗਾ।
ਸ਼ਾਮ ਦੇ ਰੰਗਾਂ 'ਚ ਉਹ ਘੁਲਿਆ ਹੈ ਸਾਏ ਦੀ ਤਰ੍ਹਾਂ,
ਰੂਪ ਸੁਬਹਾ ਦਾ ਬਣੇਗਾ, ਜਦ ਮੁਸੱਵਰ ਆਏਗਾ।
ਤੂੰ ਤਾਂ ਕੈਲੰਡਰ ਹੀ ਬਦਲਾਏ ਨੇ ਪਿਛਲੇ ਸਾਲ ਦੇ,
ਵਕਤ ਇਸ ਦੀਵਾਰ ਤੋਂ, ਮੂਰਤ ਤਿਰੀ ਤੁੜਵਾਏਗਾ।
ਤੇਰਿਆਂ ਫੁੱਲਾਂ ਦੀ ਖ਼ੁਸ਼ਬੂ ਇਸ ਜਗ੍ਹਾ ਰਹਿ ਜਾਏਗੀ,
ਸਾਥ ਤੇਰੇ ਬਾਗ਼ ਤੋਂ ਅੱਗੇ ਨਾ ਕੋਈ ਜਾਏਗਾ।
’ਕੱਲਿਆਂ ਰਹਿਣਾ, ਬਿਰਖ਼ ਗਲ਼ ਲੱਗਣਾ, ਹੋਣਾ ਉਦਾਸ,
ਜ਼ਿੰਦਗੀ ਨੂੰ ਕੀਹ ਖ਼ਬਰ ਸੀ ਇਹ ਸਮਾਂ ਵੀ ਆਏਗਾ।
ਪੱਥਰਾਂ ਦੇ ਘਰ 'ਚ ਦਿਲ ਸ਼ੀਸ਼ੇ ਦਾ ਰੱਖਕੇ ਆ ਗਿਆਂ,
ਚੋਰ ਵੀ ਆਇਆ ਤਾਂ ਠੋਕਰ ਖ਼ੂਬਸੂਰਤ ਖਾਏਗਾ।
ਤੇਰੀਆਂ ਰਾਹਾਂ ’ਚ, ਬਾਹਾਂ ਵਿਚ ਤੇ ਸਾਹਾਂ ’ਚ ਵੀ,
ਖ਼ਿਆਲ ਮੇਰਾ ਆਏਗਾ ਤਾਂ ਖ਼ਾਬ ਵੀ ਮਹਿਕਾਏਗਾ।
ਇਹ ਗ਼ਜ਼ਲ ‘ਅਜਮੇਰ’ ਹੈ ਰੰਗਾਂ, ਸੁਗੰਧਾਂ ਦਾ ਚਲਨ,
ਏਸ ਨੂੰ ਹੱਸਾਸ ਮੌਸਮ ਜਾਂ ਪਰਿੰਦਾ ਗਾਏਗਾ।