(1)
ਰੋਹੀਆਂ 'ਚ ਟੁੱਟ ਟੁੱਟ ਪੈਂਦੇ ਕਾਸੇ !
ਮਾਏ ਛਾਵਾਂ ਨਜ਼ਰ ਨ ਆਵਣ
ਪੀਲੇ ਪੱਤਰਾਂ ਦੇ ਧਰਵਾਸੇ।
ਸੱਥਰਾਂ ਤੋਂ ਸਿਰ ਚੁੱਕ ਚੁੱਕ ਤਕਦੇ
ਬਿਰਖਾਂ ਵਾਂਗੂੰ ਦੇਸ ਉਦਾਸੇ।
ਕੂੰਜਾਂ ਜਦ ਉੱਡ ਜਾਵਣ ਮਾਏ
ਰੋਹੀਆਂ ਬਹਿ ਕੇ ਦੇਣ ਦਿਲਾਸੇ।
ਨਾਗਾਂ ਦੇ ਗੱਲ ਲੱਗੀਏ ਰਾਤੀਂ
ਧੁਖ ਧੁਖ ਪੈਂਦੇ ਫ਼ਜਰ ਨੂੰ ਪਾਸੇ।
ਸੁੰਞੇ ਜੰਗਲ ਮੌਤ ਦੀ ਗਾਨੀ
ਜੋਬਨ ਜਾਂਦੇ ਆਵਣ ਹਾਸੇ।
ਦੂਰੋਂ ਪੰਖੀ ਰਿਜ਼ਕ ਨੂੰ ਆਏ
ਖ਼ਾਲੀ ਜੰਗਲ, ਕੰਕਰ ਪਿਆਸੇ।
(2)
ਰੋਹੀਆਂ 'ਚ ਫਿਸ ਫਿਸ ਜਾਂਦੇ ਛਾਲੇ !
ਹੁਣ ਤਾਂ ਜੋਗੀ ਦੇਸ਼ ਬਿਗਾਨੇ
ਹੁਣ ਤਾਂ ਸੂਰਜ ਹੋ ਗਏ ਕਾਲੇ।
ਸਮਿਆਂ ਦੇ ਹੱਥ ਖੂਹਾ ਪੁੱਟਦੇ
ਖ਼ਾਲੀ ਹੋ ਗਏ ਬਖ਼ਸ਼ਿਸ਼ ਵਾਲੇ।
ਸਾਵਨ ਦੇ ਵਿਚ ਕੂੰਜਾਂ ਮੋਈਆਂ
ਨਦੀਆਂ ਨੇ ਜਦ ਕੌਲ ਨਾ ਪਾਲੇ।
ਬੂਰ ਦੇ ਵਾਂਗੂੰ ਸੁੱਕ ਗਏ ਮਾਏ
ਜੋਗੀ ਮਰ ਮਰ ਦੇਸ ਜੋ ਭਾਲੇ।
ਜੰਗਲਾਂ ਵਿਚ ਕੋਈ ਖੈਰ ਨ ਪਾਵੇ
ਸੁੱਕੀਆਂ ਨਦੀਆਂ, ਦੇਸ ਨਿਕਾਲੇ।
ਫ਼ਜਰਾਂ ਦੇ ਘੁੰਡ ਝਿਮ ਝਿਮ ਚੁੱਕਦਾ
ਜੋਗੀ ਸੁੰਨ-ਵਿਭੂਤ ਦਿਖਾਲੇ।
ਨਦੀਆਂ ਦੇ ਜਦ ਵਹਿਣ ਨੇ ਸੁੱਕਦੇ
ਜੋਗੀ ਜੋਗ ਦੀ ਪੈਂਦਾ ਚਾਲੇ।
ਨੀਰ ਨ ਬਿਰਖ ਨ ਰਿਜ਼ਕ ਨ ਮਾਏ
ਪੱਥਰਾਂ ਕੀਕਨ ਪੰਖੀ ਪਾਲੇ ?
ਬੁੱਲ੍ਹਿਆਂ ਵਾਂਗੂੰ ਫਿਰਦਾ ਕਮਲਾ
ਜੋਗੀ ਨਾਰ ਦਾ ਜੋਬਨ ਟਾਲੇ।
ਥਲ ਦੀ ਮਹਿੰਦੀ, ਸੂਰਜ ਜ਼ਹਿਰੀ
ਡੀਕਣ ਲੱਗਿਆ ਕਹਿਰ ਵਿਚਾਲੇ।
ਖੂਹ ਦੀ ਸੁੰਨੀ 'ਵਾਜ ਨੀ ਮਾਏ
ਸੁੱਕੇ ਸੁਫਨੀਂ ਰੁਲਦੀ ਹਾਲੇ।
ਜਿਸ ਪਲ ਸੂਰਜ ਰਹੇ ਨ ਕੋਈ
ਉਹ ਚਾਨਣ ਤਕ ਨੈਣ ਮੈਂ ਗਾਲੇ।
ਖੰਭ ਪਰਦੇਸੀ, ਵਾਟ ਹੈ ਸ਼ੂਨੀ
ਟੁੱਟ ਟੁੱਟ ਜਾਂਦੇ ਰਹਿਮ-ਪਿਆਲੇ।
(3)
ਰੋਹੀਆਂ 'ਚ ਸੁੱਕ ਸੁੱਕ ਜਾਂਦੇ ਪਾਣੀ।
ਖ਼ੂਨੀ ਖੂਹ ਦੀ ਮੌਣ ਤੋਂ ਗੋਰਖ
ਮਾਰੀ 'ਵਾਜ ਸੀ ਬਹੁਤ ਪੁਰਾਣੀ।
ਬੁੱਚੇ ਅੰਗ ਲਗਰ ਜਿਉਂ ਝੂਮੇ
ਤੂੰ ਹੀ ਮਾਂ ਉਹ ਝੂਮਣ ਜਾਣੀ।
ਗੋਰਖ ਪਿਉ ਸਲਵਾਨ ਹਮਾਰਾ
ਜੋਗੀ ਪੁੱਤਰ-ਮੋਹ ਦਾ ਹਾਣੀ।
ਤੇਰੀ ਗੋਦ ਮੇਰਾ ਫੁੱਲ ਖਿੜਦਾ
ਬਿਰਖਾਂ ਡੀਕੀ ਮੌਤ ਅਲਾਣੀ।
ਇੱਕੋ ਨਾਦ ਸੁੰਨ ਦੀ ਕਾਇਆਂ
ਤਪਣਾ ਜਿਸਨੇ ਜਨਮਾਂ ਤਾਣੀ।
ਜੋ ਅੰਗ ਹਰਿਆ ਦੇਹ ਦਾ ਮਾਏ
ਉਸ ਅੰਗ ਲਈ ਮੈਂ ਉਮਰ ਗੁਆਣੀ।
(4)
ਰੋਹੀਆਂ 'ਚ ਭੁੱਲ ਭੁੱਲ ਜਾਂਦੇ ਬੇਲੀ।
ਕਮਲੀ ਜਿੰਦ ਪਰਦੇਸਣ ਝੂਰੇ
ਛਿਪਦੇ ਸੂਰਜ ਨਾਲ ਨ ਖੇਲੀ।
ਲੱਖਾਂ ਤਾਰੇ ਪੇਸ਼ ਤਾਰੇ ਪੇਸ਼ ਨ ਜਾਏ
ਅੱਥਰੂ-ਸੂਰਜ ਜਾਨ ਨ ਮੇਲੀ।
ਡੁੱਬਾਂ ਕਿਹੜੀ ਸੁੰਨ 'ਚ ਮਾਏ
ਜਿੰਦ ਹੋ ਜਾਵੇ ਮੁੜ ਅਲਬੇਲੀ।
ਜੋਗ ਦੀ ਵਾਟ ਸੁੰਦਰਾਂ ਸੁੱਤੀ
ਪੱਤਿਆਂ ਵਰਗੀ ਨਾਰ ਨਵੇਲੀ।
ਮੇਰੀ ਬੁੱਕਲੇ ਹਰਿਆ ਬੂਟਾ
ਕਾਇਆਂ ਦੀ ਸੁੰਨ ਮੌਤ-ਸਹੇਲੀ।
ਰੋਗ ਹਮਾਰਾ ਜੋਗ ਦਾ ਪੱਤਣ
ਬੇੜੀ ਲੰਘ ਗਏ ਜੋਬਨ ਠੇਲ੍ਹੀ।
ਸੁੱਕਿਆਂ ਪੱਤਿਆਂ ਦੀ ਛਾਂ ਮਾਏ
ਕਾਹਤੋਂ ਵਾਵਾਂ ਜਾਨ ਝਮੇਲੀ ?
(5)
ਰੋਹੀਆਂ 'ਚ ਡੁੱਬ ਡੁੱਬ ਜਾਂਦੇ ਤਾਰੇ !
ਕਿਹੜੇ ਫੁੱਲ ਦੀ ਛਾਂ ਦੇ ਹੇਠਾਂ
ਤੇਗਾਂ ਦਿਲ ਦੇ ਲਹੂ ਸ਼ਿੰਗਾਰੇ।
ਹੁਣ ਤਾਂ ਪੰਖ ਵੀ ਹੋ ਗਏ ਕੰਕਰ
ਬੰਦ ਨੇ ਸੁੰਨ ਦੇ ਬੂਹੇ ਭਾਰੇ।
ਲੂਣਾ ਮਾਂ ਦੇ ਨਗਰ 'ਚ ਆਏ
ਜੋ ਬਿਰਖਾਂ ਨੂੰ ਬਹੁਤ ਪਿਆਰੇ।
ਖ਼ੂਨੀ ਜੂਹ ਵਿਚ ਕੂਕੇ ਮਾਏ
ਸੁੱਕੇ ਖੂਹਾਂ ਦੇ ਅੰਗਿਆਰੇ।
ਨਾਥ ਦੀ ਜੋਗ-ਵਿਭੂਤੀ ਝਿਮ ਝਿਮ
ਜਿਸ ਦੇ ਓਹਲੇ ਅੰਬਰ ਸਾਰੇ।
ਤਕ ਦਹਿਲੇ ਰੁੱਖ ਮੈਂਡੀ ਨੀਂਦਰ
ਪਹਿਰਾ ਦੇਂਦੇ ਨਾਦ ਕਰਾਰੇ।
ਕਿਹੜੀ ਛਾਂ ਵੱਲ ਜਾਵਣ ਮਾਏ
ਸਿਖਰ ਦੁਪਹਿਰੇ ਨਾਗ ਵਿਚਾਰੇ !
ਮੇਰੇ ਨਾਥ ਦੀ ਬਖ਼ਸ਼ਸ਼ ਵੱਡੀ
ਛਾਵਾਂ ਕਰਦੀ ਲੂਣਾ ਦੁਆਰੇ।
ਸ਼ੀਹਾਂ ਦੀ ਰੁੱਤ ਭਰੀ ਹੈ ਨੈਣਾਂ
ਸ਼ਾਹ ਰਗ ਗੂੰਜਣ ਲੱਖ ਨਗਾਰੇ।
ਰੋਹ ਦੇ ਨਖਨ, ਜਟਾ ਪਰਦੇਸੀ,
ਸਿੰਙੀ ਨਾਦ ਚੁਫੇਰ ਖਿਲਾਰੇ।
ਪੰਖੀ ਦੀ ਰੁੱਤ ਤਕ ਕੰਡਿਆਂ 'ਤੇ
ਪੀਲੇ ਪੱਤਰ ਕਰਨ ਗੁਜ਼ਾਰੇ ।
ਇਸ ਅਗਨੀ ਮੈਂ ਹਰਿਆ ਹੋਵਾਂ
ਮਾਏ ਕਿਹੜੀ ਸਾਖ ਸਹਾਰੇ ?
ਸੁੰਦਰਾਂ ਛੱਡ ਕੇ ਅਸੀਂ ਬੇਗਾਨੇ
ਹਮਰੇ ਬੋਲ ਨ ਭਏ ਹਮਾਰੇ।
ਅਸੀਂ ਆਪਣੇ ਹੜ੍ਹ ਵਿਚ ਰਮਦੇ
ਮਾਏ ਹੋ ਗਏ ਕਿਵੇਂ ਉਧਾਰੇ ?
ਸੂਰਜ-ਕਹਿਰ ਸਫ਼ਰ ਹੈ ਸਾਡਾ
ਹਰਿਆ ਜੋਬਨ ਸੁੰਨ ਉਤਾਰੇ।
ਸ਼ਾਹ ਅਸਵਾਰਾਂ ਨੂੰ ਜਿੱਤ ਮਾਏ
ਹੋ ਗਏ ਸੱਭੇ ਗੀਤ ਨਕਾਰੇ।
ਮੇਰੇ ਜੋਗ ਦੇ ਮਹਿਲ ਬੜੇ ਨੇ
ਦੱਸਿਓ ਕਿੱਧਰ ਮਾਂ ਦੇ ਢਾਰੇ ?
ਨਾਦ ਬਲੀ ਨੂੰ ਛੱਡ ਰਾਹਾਂ 'ਤੇ
ਸਿੱਕ ਹੈ ਵਿਕੀਏ ਕਿਸੇ ਬਜ਼ਾਰੇ।
(6)
ਰੋਹੀਏਂ ਮੀਤ ਨ ਬਣਦਾ ਕੋਇ !
ਤਾਰਿਆਂ ਵਾਲੀ ਮਗਰੀ ਲਾ ਕੇ
ਧੂੜ ਦੇ ਰਾਹਾਂ ਦੇ ਵਿਚ ਖੋਏ।
ਤਪਦੇ ਥਲਾਂ 'ਚ ਲਾ ਕੇ ਮਹਿੰਦੀ
ਰੁੱਖ ਛਾਵਾਂ ਦੇ ਹੇਠਾਂ ਮੋਏ।
ਸਾਨੂੰ ਰਿਜ਼ਕ ਨਾਥ ਨੇ ਦਿੱਤਾ
ਮਾਏ ਚੋਗਾ ਚੁਗਦੇ ਰੋਏ।
ਅਲਖ ਜਗਾਈਏ ਕਿਸ ਦੇ ਦਰ 'ਤੇ ?
ਬੈਠੇ ਜਿੱਤ ਕੇ ਆਲਮ ਦੋਏ।
ਜੋਗ ਦੇ ਸੂਰਜ ਸਾਹਵੇਂ ਜੱਗ ਦੇ
ਰਾਹ ਵਿਚ ਚਾਰੇ ਵੇਦ ਖਲੋਏ।
ਧੁਰ ਦੇ ਪੱਥਰਾਂ ਲਈ ਕੁਰਲਾਏ
ਧਿਆਨ ਦੀ ਹਿੱਸੇ ਨ ਲੋਏ।
ਕਾਇਆਂ ਦੇ ਕੁਲ ਦੇਸ਼ ਗੁਆਚੇ
ਪੂਰਨ ਪੁੱਤ ਹੀ ਖੇਡਣ ਹੋਏ।
ਦੁਖ-ਸੁਖ ਜਿਸ ਸੱਥਰ 'ਤੇ ਛੋਡੇ
ਉਸ ਦੀ ਕੂੰਜਾਂ ਦੇਵਣ ਸੋਏ।
ਪਰਲੋਂ ਦੇ ਖੂਹ 'ਤੇ ਮਾਂ ਲੂਣਾ
ਥੱਕੀ ਲੱਭਦੀ ਪੂਰਨ ਮੋਏ।
ਦੋਜ਼ਖ਼ ਦੀ ਵਾ ਚੜ੍ਹ ਕੇ ਉੱਡਦੀ
ਗਾਉਂਦੀ ਰੋਹ ਵਿਚ ਖੰਜਰ ਧੋਏ।
ਖ਼ੂਨੀ ਬੁੱਲਿਆਂ ਵਿਚ ਮਾਂ ਲੂਣਾ
ਜੋਬਨ ਦੀ ਮਦ ਪਈ ਲੁਕੋਏ।
ਭੋਲੀ ਮਾਂ ਨੂੰ ਆਖੀਂ ਮਾਏ
"ਜਾ ਪਰਲੋਂ ਦੇ ਦਰ ਨਾਂਹ ਢੋਏ।
ਮੈਂ ਤਾਂ ਨਾਗਾਂ ਦੇ ਸਾਹ ਵਸਦਾ
ਚਿਰ ਤੋਂ ਤਿਸਦਾ ਦੁੱਖੜਾ ਹੋਏ।”
(7)
ਰੋਹੀਆਂ ਦੇ ਵਿਚ ਚੰਨ ਤਿਹਾਏ।
ਮਾਏ ਕਿਸ ਨੂੰ 'ਵਾਜ ਮੈਂ ਮਾਰਾਂ
ਮੀਤ ਸੱਚ ਦੀ ਧੂੜ ਰੁਲਾਏ।
ਸੱਚ ਦੇ ਕੰਢੇ ਅਸੀਂ ਸਾਂ ਬੈਠੇ
ਭੋਲੇ ਰੁੱਖਾਂ ਰੰਗ ਬੁਲਾਏ।
ਪੰਖੀ ਸਾਨੂੰ ਦੇਖਣ ਬਹਿਗੇ
ਘੁੰਡ ਰੁੱਖਾਂ ਦੇ ਵੇਸ ਬਣਾਏ।
ਹੜ੍ਹ ਵਿਚ ਖੰਭ ਤੋੜ ਕੇ ਸੁੱਟੇ
ਪੱਤਿਆਂ ਡਿੱਗ ਡਿੱਗ ਨੈਣ ਡੁਲਾਏ।
ਨਾਦ ਸੱਚ ਦੇ ਦਸਮ ਦੁਆਰੇ
ਹੇਠਾਂ ਪਾਂਧੀ ਤੁਰਦਾ ਜਾਏ।
ਰੰਕ ਦੀ ਹੱਟ 'ਤੇ ਸੱਚ ਦਾ ਮੋਤੀ
ਸੁੱਟ ਕੇ ਮਨਵਾ ਧੀਰ ਧਰਾਏ
ਇਕ ਖੰਭ, ਛਾਂ ਗਗਨ 'ਤੇ ਪੈਂਦੀ !
ਇਕ ਪੀਲਾ ਪੱਤ ਧਰਤ ਹਿਲਾਏ।