ਜੋਗੀ ਦਾ ਰੰਗਪੁਰ ਵੜਨਾ

ਜੂਹ ਵੜਿਆ ਜੋਗੀ, ਹਾਲ ਪਿਆ।

ਗੱਲ ਕਰਦਾ ਬਿਰਖਾਂ ਨਾਲ ਪਿਆ।

ਪੱਤ ਪੱਤ 'ਤੇ ਕੂਕ ਹਜ਼ਾਰ ਖੜੀ 

ਕਰ ਕਟਕ ਸਮੇਂ ਦਾ ਪਾਰ ਖੜੀ 

ਸਭ ਸੁੰਨ ਦੇ ਖੰਭ ਖਿਲਾਰ ਖੜੀ— 

ਮਦ ਪੀਤੀ ਗਗਨ ਚੁਫਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੧॥

ਚੜ੍ਹ ਕੂਕ ਹੀਰ ਦਾ ਦੀਦ ਗਿਆ 

ਵਿਚ ਨਜ਼ਰਾਂ ਹੋਇ ਸ਼ਹੀਦ ਗਿਆ 

ਕੁੱਲ ਅੰਬਰ-ਜ਼ਿਮੀਂ ਖ਼ਰੀਦ ਗਿਆ— 

ਕੋਈ ਡਾਢਾ ਗਗਨ ਵਿਚਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੨॥

ਕੋਈ ਰਗ ਪੱਥਰ ਦੀ ਬਾਜ਼ ਬਣੀ 

ਕੋਈ ਫ਼ੀਲ-ਧਮਕ ਪਰਵਾਜ਼ ਬਣੀ 

ਕੋਈ ਨਹੁੰਦਰ ਖ਼ੂਨੀ ਸਾਜ਼ ਬਣੀ— 

ਸਿੰਧ ਤੜਫੇ ਰਗ ਦੇ ਨਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੩॥

ਤੱਕ ਧਰਤ ਦੇ ਲਸ਼ਕਰ ਭਟਕੇ ਹੋ 

ਨਭ ਸੁੱਕੇ ਤੀਲੇ ਅਟਕੇ ਹੋ 

ਰੋਹ ਸੀਸ ਕਤੇਬਾਂ ਕਟਕੇ ਹੋ— 

ਸੰਗ ਗਾਉਂਦਾ ਤੁਰੇ ਦਲਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੪॥

ਕੋਈ ਬਿਜਲੀ ਨਾਜ਼ੁਕ ਬੂਰ ਪਈ 

ਵਿਚ ਝੰਗ ਦੇ ਬੇਲੇ ਭੂਰ ਪਈ

ਹੋ ਫ਼ਜਰਾਂ ਵਿਚ ਮਸ਼ਹੂਰ ਗਈ— 

ਬਣ ਤੂਰ ਫ਼ਜਰ ਦਾ ਵਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੫॥

ਚੁੰਝ ਚਿੜੀਆਂ ਸੁੱਤੀ ਕਾਂਗ ਪਈ 

ਭੁਖ ਜੋਗੀ ਦੀ ਅੱਖ ਵਾਂਗ ਪਈ 

ਲਉ ! ਡਾਢੇ ਚਰਖ਼ ਨੂੰ ਬਾਂਗ ਪਈ— 

ਡੰਗ ਮਾਰੇ ਫ਼ਜਰ ਦਾ ਤਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੬॥

ਚੜ੍ਹ ਮਹਿਲੀਂ ਕਾਸਾ ਭਾਲ ਲਿਆ 

ਜੋ ਖ਼ਾਲੀ ਮੰਦੜੇ ਹਾਲ ਪਿਆ 

ਹੱਥ ਸ਼ਾਹ ਦਾ ਪਕੜ ਅਯਾਲ ਲਿਆ– 

ਕੁੜੇ ਸ਼ੇਰਾਂ ਨਾਲ ਸੁਆਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੭॥

ਕੋਈ ਵੱਢਦਾ ਅਜ਼ਲ ਦਾ ਖਾਲ ਪਿਆ 

ਹੜ੍ਹ ਜਰਦਾ ਨਾਜ਼ਕ ਡਾਲ ਪਿਆ 

ਹੋ ਨਰ-ਸਿੰਘ ਥੰਮ੍ਹ ਜਿਉਂ ਲਾਲ ਗਿਆ— 

ਸ਼ਿਵ ਦੀਦੇ ਰੌਸ਼ਨ ਗਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੮॥

ਤਕ ਆਲਮ ਚਾਰੇ ਤਰਫ਼ਾਂ ਦੇ 

ਕੋਈ ਕੰਢੇ ਤੋੜੇ ਹਰਫ਼ਾਂ ਦੇ 

ਫੜ੍ਹ ਤਾਰੇ ਬੰਨ੍ਹੇ ਚਰਖਾਂ ਦੇ- 

ਵਿਚ ਦੀਵੇ ਮੱਚਦਾ ਕਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੯॥

ਇਕ ਤਿੜ ਲਸ਼ਕਰ ਵਿਚਕਾਰ ਪਈ 

ਪੀ ਜ਼ਖ਼ਮਾਂ ਦਾ ਅੰਗਿਆਰ ਪਈ 

ਵਲ ਅਜ਼ਲਾਂ ਦੇ ਲਿਸ਼ਕਾਰ ਪਈ—

ਵਲ ਹਸ਼ਰਾਂ ਕੋਈ ਭੁਚਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੧੦॥

ਬੰਨ੍ਹ ਟੁੱਟਵਾ ਹੀਰ ਦੇ ਦੀਦ ਦਾ ਹੋ 

ਚੰਨ ਚੜ੍ਹਦਾ ਜ਼ੋਰੀਂ ਈਦ ਦਾ ਹੋ 

ਰੋਹ ਹੜ੍ਹ ਵਿਚ ਰਹੇ ਉਮੀਦ ਦਾ ਹੋ— 

ਵਿਚ ਸੂਰਜ ਮੱਚਦਾ ਵਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੧੧॥

ਵਿਚ ਧੂੜਾਂ ਚੜ੍ਹਿਆ ਹਾਕਾਂ ਹੋ 

ਬੁੱਤ ਡੁੱਬਦਾ ਥਲ ਵਿਚ ਰਾਤਾਂ ਹੋ 

ਰਾਹ ਦੱਸਿਆ ਜੱਗ ਦੇ ਚਾਕਾਂ ਹੋ— 

ਜੂਹ ਰੌਸ਼ਨ ਹੱਕ ਦੀ ਮਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੧੨॥ 

ਕੋਈ ਜੁਗਨੂੰ ਵਣਾਂ 'ਤੇ ਚੜ੍ਹ ਹੁੱਲੇ 

ਚੰਨ ਨਾਜ਼ਕ ਖੰਭ 'ਤੇ ਖੜ੍ਹ ਹੁੱਲੇ 

ਕੋਈ ਜਿਉਂਦਾ ਹੀ, ਕੋਈ ਮਰ ਹੁੱਲੇ 

ਕੋਈ ਨਜ਼ਰ ਮਹੀਨ 'ਚ ਪਰ ਹੁੱਲੇ— 

ਕੁੜੇ ਖੇਡਾਂ ਦੇ ਵਿਚ ਬਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੧੩॥

ਕੁੜੇ ਜ਼ਿਮੀਂ-ਜ਼ਮਾਨ ਦੇ ਦਰ ਖੁਲ੍ਹੇ 

ਤ੍ਰਿਣ ਹਰੀ-ਕਚੂਰ ਦੇ ਪਰ ਖੁਲ੍ਹੇ 

ਛਡ ਚੱਲਿਆ ਜੋਗੀ ਘਰ ਖੁਲ੍ਹੇ- 

ਸੰਗ ਪੰਛੀ ਗਾਉਂਦਾ ਜਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੧੪॥

ਕੁੜੇ ਲਹੂ ਮਾਸ ਹਬਕਾਰ ਭਰੇ

ਵਣ-ਬੇਲੇ ਬੇ-ਮੁਹਾਰ ਭਰੇ

ਸੈ ਮੰਗੂ ਜੋਬਨ-ਭਾਰ ਭਰੇ— 

ਛੱਡ ਨੱਸਿਆ ਚੋਰ, ਹਲਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੧੫॥ 

ਬੇ-ਇਲਮੇ ਨੈਣ ਜਮਾਲ ਪਿਆ 

ਛੱਡ ਮੁਰਸ਼ਦ ਕੁਝ ਤਾਂ ਭਾਲ ਲਿਆ 

ਲੱਦ ਪਿੱਠ 'ਤੇ ਮੰਗੂ ਚਾਲ ਪਿਆ— 

ਕੋਈ ਬਖ਼ਸ਼ ਗੁਨਾਹ ਦੇ ਸਾਲ ਰਿਹਾ 

ਜੂਹ ਵੜਿਆ ਜੋਗੀ ਹਾਲ ਪਿਆ॥੧੬॥

ਵਿਚ ਤ੍ਰਿਝੰਣ ਜ਼ਿਕਰ ਫ਼ਕੀਰ ਦਾ ਹੋ 

ਤੰਦ ਛਲਕੇ ਜੋਬਨ ਹੀਰ ਦਾ ਹੋ 

ਵਿਚ ਅੱਡੀ ਕੁਫ਼ਰ ਅਖ਼ੀਰ ਦਾ ਹੋ—

ਚੰਨ ਚਮਕੇ ਨਜ਼ਰਾਂ ਨਾਲ ਪਿਆ

ਜੂਹ ਵੜਿਆ ਜੋਗੀ, ਹਾਲ ਪਿਆ॥੧੭॥

ਤੰਦ ਪੈਂਦਾ, ਮਲਕ ਖੁਆਰ ਕੁੜੇ 

ਲਿਟ ਡਿੱਗਦੀ ਮੀਂਹ ਦੇ ਬਾਰ ਕੁੜੇ 

ਨਾ ਆਰ ਕੁੜੇ, ਨਾ ਪਾਰ ਕੁੜੇ— 

ਤੰਦ ਚੜ੍ਹਦਾ, ਘੁੰਮਦਾ ਕਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੧੮॥

ਫੁੱਟ ਰਿਜ਼ਕ ਦੇ ਦਾਣੇ ਹੂਕ ਪਈ 

ਜੋ ਖੰਭ 'ਤੇ ਧੂੜ ਸੀ ਸ਼ੂਕ ਪਈ 

ਕੁੜੇ ਹਰਫ਼ ਕੁਰਾਨ ਦੇ ਕੂਕ ਪਈ— 

ਸਾਡਾ ਸ਼ੌਕ ਖ਼ੁਦਾ ਦੀ ਡਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੧੯॥

ਕੁੜੇ ਡੂੰਘੇ ਖੂਹ ਨੂੰ ਹਾਲ ਪਏ

ਵਿਚ ਘੜਿਆਂ ਨੈਣ ਹਲਾਲ ਪਏ

ਜਿਉਂ ਠੀਕਰ ਭੱਜਦੇ ਸਾਲ ਪਏ-

ਕੁੜੇ ਖੰਭ 'ਤੇ ਉੱਡ ਗੁਲਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੨੦॥

ਥਲ ਮਿਟਦਾ, ਕਲਮ ਵਿਸਾਲ ਕਰੇ 

ਬਹਿ ਕਿਸੇ ਜਨੂੰ ਦੇ ਨਾਲ ਕਰੇ 

ਜਦ ਲਹੂ ਦੀ ਜੀਭ ਹਵਾਲ ਕਰੇ— 

ਥਲ ਮੁੱਠੀ ਭਰੇ ਕੱਵਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੨੧॥

ਹੋ ਨਬੀ ਹਕੀਕਤ ਦੌੜ ਗਿਆ 

ਕੰਨ ਕੀੜੀ ਵੱਜਦਾ ਪੌੜ ਗਿਆ 

ਕਰ ਭੋਲੇ ਰੁੱਖ ਵੀ ਚੌੜ ਗਿਆ— 

ਕੁੜੇ ਸੱਥਰ ਮੱਲ ਬਿਲਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੨੨॥

ਵਿਚ ਘੁੰਡ ਦੇ ਸ਼ੌਕ ਅਜ਼ਾਨ ਕਰੇ 

ਲੁਕ ਬੁੱਕਲ ਕੌਲ ਕੁਰਾਨ ਕਰੇ 

ਰਾਹ ਤਾਰੇ ਬਾਲ ਪਛਾਣ ਕਰੇ— 

ਹੱਸ ਨੱਢੀ ਹੀਰ ਦਾ ਭਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੨੩॥

ਨਾਂਹ ਪੇਸ਼ ਮੇਰੇ ਦਰਿਆ ਦੀ ਹੋ 

ਗੱਲ ਕੀਤੀ ਫ਼ਜਰ ਦੇ ਰਾਹ ਦੀ ਹੋ

ਵਿਚ ਚੀਨੇ ਧੂੜ ਹਵਾ ਦੀ ਹੋ— 

ਵਿਚ ਕਾਸੇ ਕਿਰੇ ਵਿਸਾਲ ਪਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੨੪॥

ਕੋਈ ਛਾਲਾ ਫੜਦਾ ਥਲ ਮਿਟਿਆ 

ਅਣੀ ਨਾਲ ਹਵਾ ਦੇ ਚਲ ਮਿਟਿਆ

ਰਗ ਹਫ਼ਦੇ ਸਾਹ ’ਤੇ ਮੁੱਲ ਮਿਟਿਆ— 

ਮੈਂ ਸ਼ਬਨਮ ਦਾ ਰੰਗ ਭਾਲ ਲਿਆ 

ਜੂਹ ਵੜਿਆ ਜੋਗੀ, ਹਾਲ ਪਿਆ॥੨੫॥

📝 ਸੋਧ ਲਈ ਭੇਜੋ