ਜੋਗੀ ਨੂੰ ਵੇਖ ਕੇ ਸੁੰਦਰਾਂ

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ, 

ਜੰਗਲ-ਬੇਲੇ ਭੌਂਦਿਆ, ਰੂਹ ਹੋੜ ਜਾ ਮੇਰੀ।

ਮਹਿਲਾਂ ਦੇ ਵਿਚ ਸੁੱਤਿਆਂ 

ਅੰਗ ਧੁਖਦੇ ਮੇਰੇ, 

ਰੁੱਖਾਂ ਦਾ ਤਨ ਸੂਤ ਕੇ 

ਅੱਗ ਚੜ੍ਹੀ ਬਨੇਰੇ;

ਝੱਲ-ਵਲੱਲੀ ਟਿੱਬਿਆਂ, 'ਤੇ ਚੜ੍ਹੀ ਹਨ੍ਹੇਰੀ, 

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ।

ਰੰਗਲੀ ਸੇਜੇ ਸੁੱਤਿਆਂ 

ਹੁੱਲ ਪੈਣ ਕਲਾਈਆਂ, 

ਟਿੱਲਿਆਂ ਉੱਤੇ ਗੱਡੀਆਂ 

ਤੇਰੇ ਨਾਥ ਨੇ ਫਾਹੀਆਂ,

ਮੋੜੀਂ, ਮੁੜੇ ਸੋਹਣਿਆਂ, ਮੇਰੀ 'ਵਾਜ ਲੰਮੇਰੀ,

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ।

ਰੰਗਲੇ ਪਲੰਘ 'ਤੇ ਹੱਸਦਿਆਂ

ਮਨ ਸੰਸਾ ਕਰਿਆ,

ਕਮਲੀ ਘਟਾ ਫ਼ਕੀਰ ਦਾ

ਧਾਹ ਦਾਮਨ ਫੜਿਆ,

ਧੌਂਸ ਦੇ ਤੂੰ ਲਸ਼ਕਰਾਂ ਦੀ, ਮਿਲਖ ਹੈ ਤੇਰੀ,

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ।

ਰਿੱਧੀਆਂ-ਸਿੱਧੀਆਂ ਡੱਕੀਆਂ

ਹੜ੍ਹ ਕੇਸ ਚੁਫੇਰੇ, 

ਟਿੱਲੇ ਬੰਨ੍ਹ ਬਹਾਲ ਲਏ 

ਸਾਹ ਅੱਥਰੇ ਮੇਰੇ,

ਜਾਣ ਦੇਂਦਾ ਅਸਾਂ ਨੂੰ, ਪਾਵੇ ਫੇਰੀ, 

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ।

ਤੱਕੀ ਕਿਸ ਦੀ ਪੈੜ ਮੈਂ

ਤੇ ਕਿਸ ਲਈ ਰੋਈ ?

ਮੇਰੇ ਬਿਨਾਂ ਵੀ ਸ਼ਹਿਰ ਵਿਚ

ਕੋਈ ਬਾਤ ਹੈ ਹੋਈ !

ਕੌਣ ਬਉਰਾਣਾ ਅਸਾਂ ਬਿਨ, ਹੈ ਕਿਸਦੀ ਦੇਰੀ-

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ 

ਸੋਜ ਸਰ੍ਹਾਨੇ  ਚਮਕ ਕੇ 

ਮਾਹ ਸਾਵਨ ਹੁੱਲੇ,

ਮੋੜੀਂ, ਮੁੜਣ ਰਾਵਲਾ

ਮੇਰੀ ਨਜ਼ਰ ਦੇ ਬੁੱਲੇ,

ਕਾਲੇ ਖੂਹੀਂ ਫੁੱਟਦੀ, ਮੇਰੀ ਲਗਰ ਕਚੇਰੀ- 

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ।

ਅਸਾਂ ਰੰਗ ਕਸੁੰਭੇ ਰੰਗਿਆ

ਇਹ ਚੂੜਾ ਸੂਹਾ, 

ਪੁਛ ਲੈ ਅੱਪਣੇ ਨਾਥ ਤੋਂ

ਮੇਰੇ ਜੋਗ ਦਾ ਬੂਹਾ,

ਕੋ ਰੰਗ ਮਜੀਠ ਵਿਹਾਜ ਕੇ, ਲੌ ਰਿਸ਼ਮ ਉਚੇਰੀ- 

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ, ਮੇਰੀ।

ਸੂਹੇ ਚੂੜੇ 'ਚ ਬੰਨ੍ਹਿਆ 

ਤਨ ਧੁਖਦਾ ਮੈਂਡਾ, 

ਰੁਲਿਆ ਟੁੱਟੇ ਖੰਭ ਜਿਉਂ

ਪੁੰਨ-ਪਾਪ ਦਾ ਪੈਂਡਾ,

ਨਾਥ ਦੇ ਹੁਕਮ ਤੋਂ ਪਾਰ ਵੀ, ਇਕ ਖੇਡ ਹੈ ਤੇਰੀ-

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ।

ਸੁੰਨ ਅਗੋਚਰ ਗਹਿਰ ਦੀ 

ਪਈ ਜੋਗ ਦੀ ਬੂੰਦੇ, 

ਮੇਰੇ ਨੈਣਾਂ ਦਾ ਹੜ੍ਹ ਰੋਕਦਾ 

ਬਿੱਜ-ਲਸ਼ਕਰ ਕੂੰਦੇ,

ਦਰ ਸਰਵਾਹੀ ਸੁੰਨਦੀ, ਹਠ ਤੁੰਦ ਪਕੇਰੀ—

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ।

ਸੂਰਤ ਖੁਭੀ ਫ਼ਕੀਰ ਦੀ 

ਲੋਹ-ਜੋਗ ਉਦਾਸੀ,

ਬਾਜ਼ ਦੀ ਜੀਭ ਦਾ ਲਹੂ ਹੈ, 

ਦੇਹ ਰੰਗ-ਹੁਲਾਸੀ !

ਜੋਗ ਅੰਧ ਬਿਕਰਾਲ ਵਿਚ, ਦੇਹ ਰੋੜ੍ਹ ਜਾ ਮੇਰੀ— 

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ। 

ਜੰਗਲ-ਬੇਲੇ ਭੌਂਦਿਆ, ਰੂਹ ਹੋੜ ਜਾ ਮੇਰੀ।

📝 ਸੋਧ ਲਈ ਭੇਜੋ