ਜੁਆਬ ਲਿਖ
ਜੁਆਬੀ ਖ਼ਤ ਪਾਇਆ ਸੀ ਮੈਂ
ਸਾਰੇ ਫਸਾਦਾਂ ਦੀ ਜੜ੍ਹ
ਮਜ਼ਹਬ ਹੀ ਨੇ
ਨਫ਼ਰਤ ਨਾਂ ਰੱਖਿਆ ਹੈ ਮੈਂ ਇਹਨਾਂ ਦਾ
ਘਰ, ਘਰਾਂ, ਦੇਸ਼ਾਂ ਦੀ ਜੰਗ
ਇਹ ਨਾ ਹੁੰਦੀ
ਸੰਸਾਰ ਨੇ ਸੁਖੀ ਵਸਣਾ ਸੀ
ਕਿਤੇ ਦੁਨੀਆਂ ਵਿੱਚ
ਲੀਕਾਂ ਨਹੀਂ ਸੀ ਲਾਈਆਂ ਜਾਣੀਆਂ
ਮੇਰੇ ਪਰਿੰਦੇ ਰਹਿਣ ਸਰਹੱਦਾਂ ਟੱਪਦੇ
ਆਉਂਦੇ ਜਾਂਦੇ ਬਿਨ ਲਾਂਘਿਆਂ
ਰੋਕੇ ਕੋਈ
ਨਾਂਹ ਕਰੇ ਕੋਈ ਦੇਸ਼ ਵੀਜੇ ਦੇਣ ਤੋਂ
ਮੈਂ ਕਿਹੜਾ ਕਹਿਨਾ
ਇਸਾਈ ਨਾ ਬਣੋ ਤੁਸੀਂ
ਸਗੋਂ ਗੁਰੂ ਨਾਨਕ ਦੀਆਂ ਪੈੜਾਂ ਮੱਲਣ
ਪਰ ਉਹ ਤਾਂ ਸਾਰੀ ਦੁਨੀਆਂ ਵਿੱਚ
ਛਾਏ ਪਏ ਹਨ
ਕਦੇ ਸੋਚਿਆ?
ਅੱਗ ਨਾਲ ਖੇਡਣ ਦੀ ਮੱਤ
ਤਾਂ ਬਿਆਨਾਂ ਚ ਬਥੇਰੀ ਹੈ
ਈਸਾਈਆਂ ਵਰਗੇ ਕਾਨਵੇਂਟ ਸਕੂਲ ਵਧੀਆ ਹਸਪਤਾਲ
ਲੋਕ ਭਲਾਈ ਸੰਸਥਾਵਾਂ, ਏਕਾ ਤਾਂ ਤੱਕ
ਕਿਉਂ ਨਾ ਬਣਾ ਸਕੇ ਅਸੀਂ
ਏਨੇ ਚੜਾਵੇ ਹੁੰਦਿਆਂ ਵੀ
ਤੇਰੀ ਨਜ਼ਰ ਨਹੀਂ ਤੱਕਦੀ
ਤੇਰਿਆਂ ਚ ਕਿੱਥੇ ਇਹ ਮੱਤ?
ਵਿਖਾਵੀਂ ਜੇ ਕਿਤੇ ਜ਼ਰਾ ਭਰ ਵੀ ਹੋਵੇ ਤਾਂ
ਤਖ਼ਤ ਇਮਾਰਤਾਂ ਢਵਾ ਲੈਣੀਆਂ
ਮਨ ਰੀਝਾਂ ਸੁਪਨੇ ਆਪਣੇ ਆਪ
ਸੱਦਾ ਦੇ ਮਰਵਾ ਲੈਣੇ
ਸਿਆਣਪਾਂ ਦੇ ਮੱਥੇ ਤੇ
ਨਹੀਂ ਉਕਰਿਆ ਹੁੰਦਾ
ਨਾ ਹੀ ਅਜਿਹੇ ਵਕਤ ਸੁਨਹਿਰੀ ਹੁੰਦੇ ਹੋਏ ਕਦੇ!
ਇਹਨਾਂ ਨੂੰ ਦੇਸੀ ਘਿਓ ਪੇਂਟਾਂ
ਪਾਠਾਂ ਦੀ ਮਾਇਆ
ਗੋਲਕਾਂ ਡੀਕਣ ਖਾਣ ਨੂੰ
ਕਿਸੇ ਨੂੰ ਵੀਡੀਓ ਨਾ ਬਨਾਉਣ ਦੇਣਾ
ਬਰਛੇ ਫੜ੍ਹ ਦਬਕਾਉਣ ਨੂੰ ਹੀ ਪਾਲਿਆ ਹੈ ਤੁਹਾਡੇ ਵਰਗਿਆਂ ਨੇ
ਕੀ ਏਥੇ ਕੋਈ ਅਬਦਾਲੀ ਚੜ੍ਹਿਆ ਆ ਰਿਹਾ ਹੈ?
ਕਿਹੜੇ ਪੰਥ ਨੂੰ ਖ਼ਤਰਾ ਹੈ?
ਜਿਹੜਾ ਬਾਟੇ ਨਾ ਇੱਕ ਕਰ ਸਕਿਆ
ਇਕ ਕਰਕੇ ਨਾ ਪਹਿਚਾਣ ਸਕਿਆ
ਲੋਕਾਈ ਨੂੰ
ਟਨਾਂ ਦੇ ਟਨ ਰੋਜ਼ ਦੁੱਧ ਰੋੜਨ ਨਾਲ
ਕੀ ਫ਼ਰਸ਼ ਸਾਫ਼ ਕਰੀਦੇ
ਬਾਬੇ ਨਾਨਕ ਨੇ ਕਦ ਨਾਂਹ ਕੀਤੀ ਸੀ
ਭੁੰਜੇ ਬੈਠਣ ਤੋਂ
ਬੱਚਿਆਂ ਬਜ਼ੁਰਗਾਂ ਦੀ ਭੁੱਖ ਨਹੀਂ
ਮਿਟਾਈ ਜਾ ਸਕਦੀ ਇਸ ਸ਼ੁੱਧ ਦੁੱਧ ਨਾਲ
ਕੀ ਸਾਨੂੰ ਭੁੱਖ ਦੇ ਦੁੱਖ ਨਹੀਂ ਖਾਣਗੇ?
ਤੁਸੀਂ ਗੋਲਕਾਂ ਤਾਂ ਕੀ
ਗਰੌਸਰੀ, ਰੁਮਾਲੇ ਪਾਠਾਂ ਨੂੰ
ਨਾ ਬਖ਼ਸ਼ਿਆ
ਖ਼ਬਰੇ ਤੁਹਾਨੂੰ ਕਿਉਂ ਨਹੀਂ ਕੁੱਝ ਹੁੰਦਾ?
ਮੈਂ ਮੁੱਖ ਸਕੱਤਰ ਲਈ
ਮੁਫ਼ਤ ਸੇਵਾ ਕਰਨ ਕਿਹਾ ਸੀ
ਤੁਸੀਂ ਤਿੰਨ ਲੱਖ ਮਹੀਨੇ ਤੇ ਬੰਦਾ ਰੱਖਿਆ
ਪੰਤਾਲੀ ਹਜ਼ਾਰ
ਕੋਠੀ ਦਾ ਕਿਰਾਇਆ ਸੀ ਓਹਦਾ
ਹੁਣ ਵੀ ਮੇਰਾ ਵਾਅਦਾ ਹੈ
ਕੱਲਾ ਗੁਰਦੁਆਰੇ
ਮੈਨਜ ਕਰ ਸਕਦਾ ਹਾਂ
ਮੌਕਾ ਦੇ ਕੇ ਤਾਂ ਦੇਖੋ
ਸਾਰੇ ਢਿੱਡਲਾਂ ਨੂੰ ਘਰ ਬਿਠਾਊਂ
ਦੇਖਿਓ ਕਿਵੇਂ ਸਕੂਲ ਹਸਪਤਾਲ
ਨੰਬਰ ਇੱਕ ਕਰਦਾ
ਗੁਰੂ ਨਾਨਕ 'ਕੱਲਾ ਹੀ ਧਰਤ ਗੋਲ ਕਰ ਗਿਆ
ਕੱਲਾ ਹੀ ਦੇ ਗਿਆ ਸੰਸਾਰ ਦੀਆਂ ਫ਼ਸਲਾਂ ਨੂੰ ਪਾਣੀ
ਖੇਤੀ ਕਰ ਭਰ ਗਿਆ ਗਰੀਬ ਬੱਚਿਆਂ ਦੇ ਭੁੱਖੇ ਪੇਟ
ਕੌਡੇ ਵਰਗਿਆਂ ਨੂੰ ਰਾਹ ਵਿਖਾ ਗਿਆ
ਬਾਬਰ ਵਰਗਿਆਂ ਨੂੰ ਜਾਬਰ ਕਹਿ 'ਕੱਲੇ ਨੇ ਵੰਗਾਰਿਆ
ਤੁਸੀਂ ਸਗੋਂ ਅਡੰਬਰ ਰਚ ਰਹੇ ਹੋ
ਅਣਭੋਲ ਸੰਗਤਾਂ ਨੂੰ ਕੁਰਾਹੇ ਪਾ
ਤਲਵਾਰ ਖਿੱਚਦਿਆਂ ਖਿੱਚਦਿਆਂ
ਸੀਨਾ ਛਲਣੀ ਕਰ ਟੁਰ ਜਾਂਦੇ ਨੇ ਅਗਲੇ
ਮੁੜ ਲੱਭਦੇ ਵੀ ਨਹੀਂ
ਲੱਭ ਤਾਂ ਬਰਗਾੜੀ
ਬੁਰਜ ਜਵਾਹਰ ਸਿੰਘ ਕੋਟਕਪੂਰਾ
ਨਕੋਦਰ ਬੇਅਦਬੀ ਤੇ ਮੁੰਡਿਆਂ ਦੇ ਕਾਤਲ ?
ਤੈਨੂੰ ਬਲਾਤਕਾਰ ਤੇ ਕਤਲ ਕੇਸ 'ਚ ਸਜ਼ਾ ਕੱਟ ਰਿਹਾ ਪੈਰੋਲ ਤੇ ਆਇਆ ਨਹੀਂ ਦਿਸਿਆ ?
ਰੋਕਣ ਕਿਉਂ ਨਾ ਗਿਆ
ਸਿਰ ਵਾਰਨ ਦਾ ਚਾਅ
ਕਿੱਥੇ ਡੁੱਬ ਗਿਆ ਸੀ?
ਸਵਾਤੀ ਮਾਲੀਵਾਲ
ਐਡਵੋਕੇਟਾਂ ਨੇ ਪੈਰੋਲ ਦੇਣ ’ਤੇ ਅਸੀਂ ਸਖ਼ਤ ਇਤਰਾਜ਼ ਪ੍ਰਗਟਾਇਆ ਕਿ ਨਹੀਂ?
ਸਿੱਖ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ
ਜੇਲ੍ਹਾਂ ਤੋਂ ਬਾਹਰ ਲਿਆਉਣ ਲਈ
ਤੇਰੀ ਅਵਾਜ਼ ਨੂੰ ਕਿਹੜੀ ਕੁਰਸੀ ਦਾ ਤਾਲਾ ਲੱਗ ਗਿਆ ਸੀ?
ਤੁਸੀਂ ਆਪਣਿਆਂ ਕੋਲੋਂ
ਆਪਣੇ ਗੁਰੂ ਘਰ ਵਿੱਚ ਹੀ
ਚੰਗੀ ਰਿਹਾਇਸ਼
ਸਾਉੰਡ ਸਿਸਟਮ ਵੀ ਨਾ ਲੈ ਸਕੇ
ਲੋਕਾਂ ਦੇ ਸਰਾਣੇ
ਕਿਹੜੇ ਸਿੱਖ ਰਾਜ ਦੇ ਖ਼ਾਬ ਸਜਾ ਰਹੇ ਹੋ
ਈਸਾਈਆਂ ਨੂੰ ਕੀ ਕਰੋਗੇ ਦੱਬਕੇ ਮਾਰ ਕੇ
ਰੰਗਰੇਟਿਆਂ ਦੀਆਂ ਗੱਲਾਂ ਦੇ ਜੁਆਬ ਦਿਓ
ਅਗਲਾ ਖ਼ਤ ਵੀ ਲਿਖਦਾਂ
ਚੰਗੀ ਤਰ੍ਹਾਂ ਫ਼ੜ ਪਿੰਨ
ਤੇ ਤੂੰ ਵੀ ਲਿਖ
ਜੇ ਜੁਅਰਤ ਹੈ ਤਾਂ
ਹੈ ਕੋਈ ਉਤਰ ਤੇਰੀ ਜੇਬ ਵਿਚ ਤਾਂ
ਐਟਟਿੰਗ ਕਰਨੀ ਮੈਨੂੰ
ਤੇਰੇ ਤੋਂ ਵਧੀਆ ਆਉਂਦੀ ਹੈ!
ਪੁੱਛੇਂਗਾ-ਮੈਂ ਕੌਣ ਹਾਂ ?
ਮੈਂ ਲੋਕਾਂ ਦੀ ਵਿਲਕਦੀ ਰੋਂਦੀ
ਦੁਹੱਥੜੀਂ ਪਿੱਟਦੀ
ਚੁਰਾਸੀ ਦੇ ਬੇਗੁਨਾਹ ਮਾਰੇ ਗਏ
ਪੁੱਤਾਂ ਬੱਚਿਆਂ ਬਜ਼ੁਰਗਾਂ ਦੇ ਵੈਣ ਪਾਉਂਦੀ ਰਾਖ਼ ਦੇ ਕਣ ਕਣ ਦੀ ਆਵਾਜ਼ ਹਾਂ
ਗਲਾਂ ਚ ਟੈਰ ਪਾ ਪਾ ਕੇ ਸਾੜੇ ਗਏ
ਬੇਕਸੂਰ ਸੁਪਨਿਆਂ ਦਾ ਸੁਨੇਹਾ ਹਾਂ
ਜਿਸ ਤੋਂ ਮੇਰਾ ਵੀਰ ਤੇ ਬੱਚੇ 84 ਚ ਮਸਾਂ ਹੀ ਬਚੇ ਸਨ
ਤੂੰ ਤਾਂ ਅਜੇ ਜੰਮਿਆਂ ਵੀ ਨਹੀਂ ਹੋਣਾ ਓਦੋਂ