ਜੁਗਨੀ ਟੱਪੇ ਮਾਹੀਏ ਢੋਲੇ

ਜੁਗਨੀ ਟੱਪੇ ਮਾਹੀਏ ਢੋਲੇ 

ਜਾ ਰਲ਼ ਕੇ ਗਾਈਏ ਢੋਲੇ

ਬੋਲੀ ਪਾਈਏ ਪਿੱਪਲਾਂ ਥੱਲੇ

ਬੋਹੜਾਂ ਹੇਠ ਸੁਣਾਈਏ ਢੋਲੇ

ਇੱਕ ਮੌਕਾ ਜੇ ਮਿਲ ਜਾਵੇ ਤੇ 

ਇੱਕ ਥਾਂ ਫਿਰ ਲੈ ਆਈਏ ਢੋਲੇ

ਲੱਭ ਜਾਵਣ ਤੇ ਥਾਂ ਸੁਰਮੇ ਦੀ 

ਅੱਖੀਆਂ ਦੇ ਵਿਚ ਪਾਈਏ ਢੋਲੇ

ਰੁੱਸ ਜਾਵਣ ਤੇ ਨੱਚਦੇ ਨੱਚਦੇ 

ਢੋਲਾਂ ਨਾਲ਼ ਮਨਾਈਏ ਢੋਲੇ

ਇੱਕ ਦੂਜੇ ਲਈ ਇੱਕ ਦੂਜੇ ਦੇ 

ਸਾਰੇ ਬਣ ਜਾਈਏ ਢੋਲੇ

ਨਾ ਉਹ ਬਾਰਾਂ ਨਾ ਉਹ ਬੇਲੇ 

ਕਿੱਥੋਂ ਲੱਭ ਲਿਆਈਏ ਢੋਲੇ

ਜਿੰਨੇ ਵੀ ਨੇ ਲਹਿੰਦੇ ਚੜ੍ਹਦੇ 

ਵਾਰੋ ਵਾਰ ਮਿਲਾਈਏ ਢੋਲੇ

ਰੱਬ ਜੇ ਦਿੱਤੇ ਹੋਵਣ ‘ਸੰਧੂ’

ਚੁੰਮ ਚੁੰਮ ਸੀਨੇ ਲਾਈਏ ਢੋਲੇ

📝 ਸੋਧ ਲਈ ਭੇਜੋ