ਲੰਘ ਗਏ ਕਿੰਨੇ ਵਰ੍ਹੇ 

ਤੇ ਹੋਰ ਵੀ ਲੰਘ ਜਾਣਗੇ 

ਜੁਗਨੂੰ ਬਚਪਨ ਦੇ ਗੁਆਚੇ 

ਹੁਣ ਕਦੋਂ ਹੱਥ ਆਣਗੇ

ਸੋਚਿਆ ਸੀ ਰਾਤ ਦਾ ਲੰਬਾ ਸਫ਼ਰ 

ਜੁਗਨੂੰਆਂ ਦੇ ਆਸਰੇ ਲੰਘ ਜਾਏਗਾ 

ਕੀ ਪਤਾ ਸੀ ਜਗਮਗਾਹਟ ਦਾ ਨਜ਼ਾਰਾ 

ਗੁੰਮਿਆ ਜੋ ਫੇਰ ਨਾ ਹੱਥ ਆਏਗਾ

ਭਟਕਦੇ ਹਾਂ ਜੁਗਨੂੰਆਂ ਨੂੰ ਭਾਲਦੇ 

ਮੁੱਕਿਆ ਨਾ ਰਾਤ ਦਾ ਲੰਬਾ ਸਫ਼ਰ 

ਉਮਰ ਹੈ ਜਾਂ ਇਹ ਕੋਈ ਅੰਨ੍ਹੀ ਗਲੀ 

ਕਿਸ ਪੜਾਅ ਪਹੁੰਚੇ ਨਹੀਂ ਕੋਈ ਖ਼ਬਰ

ਭਾਲ ਵੀ ਲੰਬੀ ਹਨੇਰੀ ਰਾਤ ਵਰਗੀ

ਜਿਸਮ ਰੂਹ ਦੋਵੇਂ ਹੀ ਥੱਕੇ ਚੂਰ ਨੇ

ਚੰਨ, ਤਾਰੇ, ਜੁਗਨੂੰ, ਸਰਘੀ ਦੇ ਨਜ਼ਾਰੇ 

ਅਜੇ ਵੀ ਪਹਿਲਾਂ ਹੀ ਜਿੰਨੇ ਦੂਰ

ਸਫ਼ਰ ਜੋ ਨ੍ਹੇਰੇ 'ਚ ਹੋਇਆ ਸੀ ਸ਼ੁਰੂ 

ਨ੍ਹੇਰੇ ਅੰਦਰ ਹੀ ਕਦੇ ਮੁੱਕ ਜਾਏਗਾ 

ਬਾਤ ਪੀ ਲੈਣੀ ਹੈ ਗੂੜ੍ਹੀ ਚੁੱਪ ਨੇ 

ਪਰ ਹੁੰਗਾਰਾ ਚੱਲ ਕੇ ਨਾ ਆਏਗਾ

ਲੰਘ ਗਏ ਕਿੰਨੇ ਵਰ੍ਹੇ

ਤੇ ਹੋਰ ਵੀ ਲੰਘ ਜਾਣਗੇ 

ਜੁਗਨੂੰ ਬਚਪਨ ਦੇ ਗੁਆਚੇ 

ਹੁਣ ਕਦੋਂ ਹੱਥ ਆਣਗੇ।

📝 ਸੋਧ ਲਈ ਭੇਜੋ