ਜੁਗਨੂੰ ਭਾਵੇਂ ਸਾਰੀ ਉਮਰ

ਜੁਗਨੂੰ ਭਾਵੇਂ ਸਾਰੀ ਉਮਰ ਨ੍ਹੇਰਿਆਂ ਵਿਚ ਮਰ ਜਾਂਦਾ

ਮਰਦਾ ਮਰਦਾ ਕਾਲੀਆਂ ਰਾਤਾਂ ਨੂੰ ਰੌਸ਼ਨ ਕਰ ਜਾਂਦਾ

ਕੱਲਿਆਂ ਆਪਣੀਆਂ ਬਾਹਵਾਂ ਉੱਤੇ ਮਾਨ ਵਧੇਰਾ ਹੁੰਦਾ ਏ,

ਦੋ ਹੋਈਏ ਤੇ ਪੱਤਾ ਖੜਕਿਆਂ ਦਿਲ ਚੰਦਰਾ ਡਰ ਜਾਂਦਾ

ਉਹਦਿਆਂ ਹੋਠਾਂ ਦੇ ਅਮ੍ਰਿਤ ਨੇ ਨਵੀਂ ਹਿਆਤੀ ਬਖ਼ਸ਼ੀ ਏ,

ਤਾਅਨਿਆਂ ਦੇ ਤੀਰਾਂ ਨੂੰ ਹੁਣ ਤਾਂ ਸ਼ਾਇਰ ਵੀ ਜਰ ਜਾਂਦਾ

ਕੀ ਦੱਸਾਂ ਕਿਸ ਰਾਹਵਾਂ ਨੇੜੇ ਗਲੀਆਂ ਨੇ ਦਿਲਦਾਰ ਦੀਆਂ,

ਮੇਰੇ ਲਈ ਹਰ ਰਾਹ ਉਹ ਪਿਆਰਾ ਜੋ ਉਹਦੇ ਘਰ ਜਾਂਦਾ

ਕਦੇ ਅਜ਼ਾਬ ਤੇ ਕਦੇ ਸਬਾਬ ਨੇ ਰੱਬਾ ਕੀ ਨੇ ਅੱਖੀਆਂ ਵੀ,

ਇਨ੍ਹਾਂ ਦੀ ਸ਼ਹਿ ਪਾ ਕੇ ਬੰਦਾ ਹਰ ਬਾਜ਼ੀ ਹਰ ਜਾਂਦਾ

ਭਾਵੇਂ ਝੂਠੀ-ਮੂਠੀ ਲੜੀਏ ਲੜਣਾ ਬੜਾ ਜ਼ਰੂਰੀ ਏ,

ਘੁਟ ਘੁਟ ਜੱਫ਼ੀਆਂ ਪਾਉਣੋਂ ਵੀ ਜੀਅ ਕਦੇ ਕਦੇ ਭਰ ਜਾਂਦਾ

ਪਿਆਰ ਦੀ ਦੌਲਤ ਐਨੀ ਦੇਹ ਖ਼ਾਂ ਵੰਡਦਾ ਵੰਡਦਾ ਥੱਕਾਂ ਮੈਂ,

ਉਂਜ ਤੇ ਲੈ ਜਾਵੇ ਹਰ ਕੋਈ ਜੋ ਮੈਥੋਂ ਸਰ ਜਾਂਦਾ

ਸੰਗਮਰਮਰ ਦੀ ਉਸ ਮੂਰਤ ਨੂੰ ਨਾਮ ਕੀ ਦਈਏ 'ਕਾਸ਼ਰ' ਜੀ,

ਜੀਹਨੂੰ ਮਿਲਿਆਂ ਅੱਖਾਂ ਭਖਦੀਆਂ ਪਰ ਸੀਨਾ ਠਰ ਜਾਂਦਾ

📝 ਸੋਧ ਲਈ ਭੇਜੋ