ਮੈਨੂੰ ਸੋਹਣੇ ਦੀ ਜ਼ੁਲਫ਼ ਸਿਆਹ ਦੀ ਕਸਮ
ਕਰਦੀ ਬਿਸਮਲ ਦਿਲਾਂ ਨੂੰ ਖ਼ੁਦਾ ਦੀ ਕਸਮ
ਕਿਤੇ ਸੰਗਲ ਗਜ਼ਬ ਦੇ ਲਗਾਂਵਦੀ ਰਹੀ
ਕਿਤੇ ਡੰਗ ਨਾਗ ਬਣਕੇ ਚਲਾਂਵਦੀ ਰਹੀ
ਕਿਤੇ ਤਲਵਾਰ ਬਣਕੇ ਡਰਾਂਵਦੀ ਰਹੀ
ਇਕ ਨਾ ਇਕ ਜ਼ੁਲਮ ਆਸ਼ਕ ਤੇ ਢਾਂਵਦੀ ਰਹੀ
ਦਿਲੋਂ ਖਾਹਦੀ ਹੈ ਸਾਡੀ ਕਜ਼ਾ ਦੀ ਕਸਮ
ਗਿਰਦ ਜੋਬਨ ਦੇ ਪਹਿਰੇ ਸਿਪਾਹੀ ਖੜੇ
ਕੀਤੇ ਜ਼ਖਮੀ ਜਿਨ੍ਹਾਂ ਮਿਰਗ ਮਾਹੀ ਖੜੇ
ਹੋਕੇ ਕੈਦੀ ਮੁਸਾਫ਼ਰ ਰਾਹੀ ਖੜੇ
ਫੜ ਲਏ ਬੇਖਤਾ ਯਾ ਇਲਾਹੀ ਖੜੇ
ਸਦਕੇ ਨੈਣਾਂ ਦੇ ਤਿਰਛੀ ਨਿਗਾਹ ਦੀ ਕਸਮ
ਆਖੇ ਮੁਲਾਂ ਓ ਮਜਨੂੰ ਸ਼ਰੀਅਤ ਤੋਂ ਡਰ
ਛਡ ਦੇ ਲੈਲਾ ਨੂੰ ਜਨਤ 'ਚ ਜਾ ਬੇਖ਼ਤਰ
ਆਖੇ ਮਜਨੂੰ ਕੀ ਆਸ਼ਕ ਤੇ ਪੁਛਦਾ ਮਗਰ
ਲਖਾਂ ਜੰਨਤ ਦੇਵਾਂ ਫੜਕੇ ਕੁਰਬਾਨ ਕਰ
ਮੈਨੂੰ ਲੈਲਾ ਦੀ ਬਾਂਕੀ ਅਦਾ ਦੀ ਕਸਮ
ਲਾਕੇ ਆਸ਼ਕ ਕਦੇ ਫੇਰ ਮੁੜਦਾ ਨਹੀਂ
ਖੜਕੇ ਦਿਲਦਾਰ ਤੇ ਦਰ ਤੇ ਟੁਰਦਾ ਨਹੀਂ
ਕਸਮ ਸ਼ੀਸ਼ੇ ਨੂੰ ਹੈ ਟੁਟਕੇ ਜੁੜਦਾ ਨਹੀਂ
ਸ਼ਮਾ ਨੂੰ ਦੇਖ ਪਰਵਾਨਾ ਉਡਦਾ ਨਹੀਂ
ਜਲ ਕੇ ਮਰ ਜਾਣਾ ਉਸ ਬੇ-ਨਵਾ ਦੀ ਕਸਮ