ਹੋਇਆ ਤੀਜਾ ਘੱਲੂਘਾਰਾ, ਜਦ ਸੀ ਜੂਨ ਚੁਰਾਸੀ ਆਈ।
ਸਾਡੀ ਸ਼ਾਨ 'ਅਕਾਲ ਤਖ਼ਤ' 'ਤੇ, ਪਾਪਣ ਨੇ ਗੋਲੀ ਚਲਵਾਈ।
ਜਦ ਆਇਆ ਸੀ ਮੱਸਾ ਰੰਗੜ, ਜਾਂ ਫਿਰ ਆਇਆ ਸੀ ਅਬਦਾਲੀ,
ਸੁੱਖੇ ਤੇ ਮਹਿਤਾਬ ਜਿਹਾਂ ਤਦ, ਜ਼ਾਬਰ ਦੀ ਸੀ ਅਲਖ ਮੁਕਾਈ।
ਜਾਨੋਂ ਵੱਧ ਪਿਆਰਾ ਸਾਨੂੰ, ਸਾਡਾ ਹੈ 'ਹਰਿਮੰਦਰ ਸਾਹਿਬ',
ਜਿਹੜਾ ਵੀ ਵੰਗਾਰੇ ਸਾਨੂੰ, ਉਹਨੇ ਅਪਣੀ ਜਾਨ ਗਵਾਈ।
'ਸੰਤਾਂ' ਦੀ ਕਹਿਣੀ ਕਰਨੀ ਤੋਂ, ਜਾਈਏ ਬਲਿਹਾਰੇ ਸਾਰੇ,
ਵੈਰੀ ਬੈਠਾ ਹੁਣ ਪਛਤਾਵੇ, ਸਿੰਘਾਂ ਕੈਸੀ ਅਣਖ ਦਿਖਾਈ।
ਚੱਲਣ ਗੋਲੀਆਂ ਦੋਨੋਂ ਤਰਫੋਂ, ਜਿਉਂ ਚਲਦੀ ਤੇਜ਼ ਹਨੇਰੀ,
ਸਮਝ ਸਕੇ ਨਾ ਵੈਰੀ ਦੇਖੋ, ਗੋਲੀ ਕਿਧਰੋਂ ਕਿਧਰੋਂ ਆਈ।
ਦਾਗੇ ਗੋਲੇ ਵੈਰੀ ਨੇ ਫਿਰ, ਸਾਡਾ 'ਤਖ਼ਤ' ਗੁਰਾਂ ਦਾ ਢਾਹਿਆ,
ਲੜਦੇ ਹੋਏ 'ਸੰਤਾਂ' ਨੇ ਫਿਰ, ਸਿੰਘਾਂ ਨਾਲ ਸ਼ਹੀਦੀ ਪਾਈ।
ਸਭ ਸਿੱਖਾਂ ਦੇ ਹਿਰਦੇ ਲੱਗੀ, ਦੇਖੋ ਠੇਸ ਬੜੀ ਹੀ ਡੂੰਘੀ,
ਦਿੱਲੀ ਵਿਚ ਫਿਰ ਦੋ ਸਿੰਘਾਂ ਨੇ, ਦੋਸ਼ੀ ਪਾਪਣ ਮਾਰ ਮੁਕਾਈ।
'ਅਮਰ' ਕਰੇ ਸਤਿਕਾਰ ਉਨ੍ਹਾਂ ਦਾ, ਜੋ ਕੌਮ ਲਈ ਲੜਦੇ ਮਰਦੇ,
ਜੂਨ ਚੁਰਾਸੀ ਐਸੀ ਪੀੜਾ, ਜਿਹੜੀ ਹਰ ਪਲ ਚੇਤੇ ਆਈ।