ਰੱਬ ਅੱਗੇ ਕਰੋ ਅਰਜੋਈ
ਅਮਨ ਸ਼ਾਂਤੀ ਨਾ ਹੋਵੇ ਭੰਗ।
ਨਾਗਾਸਾਕੀ, ਹੀਰੋਸ਼ੀਮਾ
ਦੇਖੋ ਕੀ ਕਰ ਦਿੰਦੀ ਜੰਗ?
ਜੋ ਵੀ ਇਸ ਰਾਹ ਤੁਰਿਆ
ਉਹ ਵੀ ਹੋ ਜਾਂਦਾ ਹੈ ਤੰਗ।
ਕੋਈ ਜਿੱਤੇ ਭਾਂਵੇ ਹਾਰੇ
ਦੋਹਾਂ ਨੂੰ ਕਰ ਦੇਵੇ ਨੰਗ।
ਫ਼ੌਜੀ ਮਰਦੇ ਦੋਹੀਂ ਪਾਸੇ
ਹਾਕਮ ਕਦੀ ਨਾ ਕਰਦੇ ਸੰਗ।
ਮਾਂਵਾਂ ਦੇ ਪੁੱਤ ਇਹ ਖਾਵੇ
ਸੁਹਾਗਣਾਂ ਦੇ ਖੋਹੇ ਸੂਹੇ ਰੰਗ।
ਜੀਅ-ਜੰਤ ਨੂੰ ਕਰੇ ਤਬਾਹ
ਖੁਸ਼ਹਾਲੀ ਨੂੰ ਜਾਵੇ ਡੰਗ।
ਦੇਸਾਂ 'ਚ ਕਦੀ ਜੰਗ ਨਾ ਲੱਗੇ
ਕੱਢੋ ਅਮਨ ਸ਼ਾਂਤੀ ਦਾ ਢੰਗ।
ਸੁਖੀ ਵੱਸਣ ਸਭ ਨਗਰ ਖੇੜੇ
ਅਮਰਪ੍ਰੀਤ ਦੀ ਇਹੋ ਮੰਗ।