(ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ)
ਪਿਤਾ ਦਸ਼ਮੇਸ਼ ਕਹਿਣ ਲੱਗੇ ਅਜੀਤ ਤਾਂਈ,
ਆ ਤੇਰਾ ਕਰੀਏ ਸਿੰਗਾਰ ਲਾੜੀ ਵਰੀਂ ਜੇ।
ਕਲਗੀ ਤੇ ਤੋੜਾ ਢਾਲ ਨਾਲ ਕਿਰਪਾਨ ਦੇਈਏ,
ਵੈਰੀ ਨੂੰ ਮੈਦਾਨੇ ਜਾ ਕੇ ਵਢੇਂ ਵਾਂਗ ਚਰੀ ਜੇ।
ਕੌਮ ਅਤੇ ਪੁੱਤਰਾਂ ਚ ਫਰਕ ਦਸ਼ਮੇਸ਼ ਕੀਤਾ,
ਕਹੇ ਇਤਿਹਾਸ ਗੱਲ ਜਾਣੀਂ ਨਹੀਉਂ ਜਰੀ ਜੇ।
ਦਾਦੇ ਵਾਲੇ ਲੀਹੇ ਤੈਨੂੰ ਤੋਰਨਾ ਅਜੀਤ ਸਿੰਘਾਂ,
ਬਣ ਜੇ ਮਿਸਾਲ ਜੰਗ ਐਸੀ ਜਾਕੇ ਲੜੀਂ ਜੇ ।।
ਆਖਿਆ ਅਜੀਤ ਨਾਂ ਅਜੀਤ ਹੈ ਅਜਿੱਤ ਰਹੱਸਾਂ,
ਹਾਰਿਆ ਜੇ ਕਰ ਫਿਰ ਵਾਪਿਸ ਨਹੀਂ ਆਵਾਂਗਾ।
ਬੜੀ ਖੁਸ਼ੀ ਚੁਣਿਆਂ ਜੋ ਆਪ ਜੀ ਨੇ ਮੇਰੇ ਤਾਈਂ,
ਰਣ ਵਿੱਚ ਵੈਰੀ ਦੀਆਂ ਭਾਜੜਾਂ ਪਵਾਂਵਗਾ।
ਪੁੱਤਰ ਹਾਂ ਆਪ ਜੀ ਦਾ ਅਣਖਾਂ ਦੀ ਗੁੜ੍ਹਤੀ ਏ,
ਦਾਦਾ ਜੀ ਦੀ ਪੱਗ ਤਾਈਂ ਦਾਗ ਨਹੀਂ ਲਗਾਵਾਂਗਾ।
ਜਿਨਾਂ ਚਿਰ ਕਤਰਾ ਸਰੀਰ ਵਿੱਚ ਖੂਨ ਦਾ ਏ,
ਉਨਾਂ ਚਿਰ ਵੈਰੀਆਂ ਦੇ ਖੂਨ ਨਾਲ ਨਹਾਵਂਗਾ।।
ਪੰਜ ਸਿੰਘ ਨਾਲ ਲੈਕੇ ਤੁਰਿਆ ਅਜੀਤ ਸਿੰਘ,
ਫੁਰਤੀ ਤੁਫਾਨੀ ਘੋੜਾ ਮੰਜਿਲਾਂ ਨੂੰ ਚੀਰਦਾ।
ਹਾਏ ਅੱਲ੍ਹਾ ਆਏ ਅੰਮਾ ਕਹਿਕੇ ਡਿੱਗਾ ਧਰਤੀ ਤੇ,
ਜੀਹਨੇ ਜੀਹਨੇ ਲਿਆ ਪ੍ਰਸਾਦ ਉਹਦੇ ਤੀਰ ਦਾ।
ਜਿਹੜਾ ਕੋਈ ਨੇੜੇ ਬਹੁਤਾ ਪੁੱਜਿਆ ਅਜੀਤ ਸਿਉਂ ਦੇ,
ਉਸ ਦੀਆਂ ਆਂਦਰਾਂ ਨੂੰ ਤੇਗ ਨਾਲ ਚੀਰ ਦਾ।
ਗੜ੍ਹੀ ਚੋਂ ਜੁਝਾਰ ਤੱਕੇ ਨਾਲੇ ਇਹ ਲੋਚਦਾ ਏ,
ਹੁੰਦਾ ਸਰਬਾਲਾ ਕਿੱਤੇ ਉਹ ਵੀ ਵੱਡੇ ਵੀਰ ਦਾ।।
ਜੀਹਨੇ ਜੀਹਨੇ ਤੱਕੀ ਜੰਗ ਜੁੜਕੇ ਹਾਂ ਰਹਿਗੇ ਦੰਦ,
ਕਹਿਣ ਅਜੀਤ ਸਿੰਘ ਕਹਿਰ ਢਾਈ ਜਾਂਦਾ ਏ।
ਵੱਡੇ ਵੱਡੇ ਦੁੰਬੇ ਖਾਣੇ, ਸਵਾ ਸਵਾ ਮਣ ਦੇਹੀ ਵਾਲੇ,
ਜਰਨੈਲਾਂ ਦੀਆਂ ਗੋਡੀਆਂ ਲਵਾਈ ਜਾਂਦਾ ਏ।
ਬਾਜ ਜੇਹੀ ਫੁਰਤੀ ਨਾਲ ਜੀਹਦੇ ਜੀਹਦੇ ਵੱਲ ਪੈਂਦਾ,
ਧੁਰ ਦੀ ਹਾਂ ਉਹਦੀ ਟਿਕਟ ਕਟਾਈ ਜਾਂਦਾ ਏ।
ਪੁੱਤ ਦਸ਼ਮੇਸ਼ ਦਾ ਨਿਪੁੰਨ ਪੂਰਾ ਜੰਗ ਦਾ ਏ,
ਨਾਲ ਸਮਸ਼ੀਰ ਲੋਹਾ ਮਨਵਾਈ ਜਾਂਦਾ ਏ।
ਸਾਰੇ ਨਿਯਮ ਜੰਗ ਦੇ ਤਿਆਗੇ ਫੇਰ ਮੁਗਲਾਂ ਨੇ,
ਕੱਲੇ ਅਜੀਤ ਸਿੰਘ ਉੱਤੇ ਹਲਾ ਰਲ ਬੋਲਿਆ।
ਕਿਤੇ ਤਲਵਾਰ ਕਿਤੇ ਤੀਰਾਂ ਦੀਆਂ ਵਾਛੜਾਂ ਨੇ,
ਜਿਗਰੇ ਨਾਲ ਲੜਦਾ ਉਹ ਰਿਹਾ ਨਹੀਂ ਡੋਲਿਆ।
ਛੁੱਟੀ ਢਾਲ ਟੁੱਟੀ ਤਲਵਾਰ, ਟੁੱਟਾ ਹੌਸਲਾ ਨਾ,
ਛਾਤੀ ਲੱਗੇ ਤੀਰ ਉੱਤੇ ਵੀ, ਜੈਕਾਰਾ ਹੀ ਬੋਲਿਆ।
ਕਹਿਣ ਦਸ਼ਮੇਸ਼ ਵਾਹ ਵਾਹ ਉਹ ਅਜੀਤ ਸਿੰਘਾ
ਤੇਰੇ ਜੰਗੀ-ਜੌਹਰਾਂ ਨੇ ਤਾਂ ਸੱਭ ਤਾਂਈ ਮੋਹ ਲਿਆ।।