ਜੰਗ ਖ਼ਤਮ ਹੈ

ਕੀ ਮੈਂ ਜੰਗ ਨਹੀਂ ਕੀਤਾ ਹੈ ?

ਅਪਣੇ ਘਰ ਨੂੰ ਤਲੀ 'ਤੇ ਰਖ ਕੇ 

ਪਹਿਲੀ ਪੰਗਤ ਤਕ ਵਧਿਆ ਸਾਂ

ਵਾਪਸ ਆਵਣ ਦੇ ਸਭ ਰਸਤੇ 

ਪੂੰਝ ਗਿਆ ਸਾਂ ਸਾੜ ਗਿਆ ਸਾਂ

ਤੇਰੇ ਤਨ ਵਿਚ ਚਰਲ ਚਰਲ

ਕਰਦੈ ਅਧਮ੍ਹੀਨੇ ਦਾ ਜਗਰਾਤਾ

ਅਧਮ੍ਹੀਨੇ ਤਕ 

ਮਿੱਟੀ ਦੀ ਰੋਟੀ ਮੈਂ ਖਾਧੀ 

ਸੜਦੀ ਅੱਗ ਦਾ ਪਾਣੀ ਪੀਤਾ

ਸਾਰੇ ਸੂਰਜ ਚੰਨ ਸਿਤਾਰੇ 

ਅਪਣੀ ਹੱਥੀਂ ਆਪ ਬੁਝਾਏ 

ਏਨਾ ਕਹਿ ਕੇ-

ਫੇਰ ਕਦੀ ਜੇ ਮੌਕਾ ਮਿਲਿਆ 

ਇਹਨਾਂ ਨੂੰ ਵੀ ਬਾਲ ਲਵਾਂਗੇ

ਲੱਖ ਵਾਰੀ ਦੇਹ ਟੁੱਟੀ ਟੁੱਟੀ 

ਗਾਂਢੇ ਲਾ ਲਾ ਕੇ ਮੁੜ ਜੋੜੀ

ਲੱਖ ਵਾਰੀ ਸਿਰ ਬੁਝਦਾ ਬੁਝਦਾ 

ਸੀਖ਼ ਸੀਖ਼ ਕੇ ਮਸਾਂ ਜਗਾਇਆ

ਮਰਨ ਕਿਨਾਰੇ ਜਿਗਰੀ ਯਾਰ ਦੇ 

ਮੂੰਹ ਵਿਚ ਤੁਪਕਾ ਪਾਣੀ ਚੋਵਾਂ 

ਇਤਨੀ ਵਿਹਲ ਭਲਾ ਕਿਥੇ ਸੀ ?

ਅੰਗਿਆਰਾਂ ਦੇ ਝਾੜਾਂ ਵਿਚੋਂ 

ਖਹਿਸਰ ਕੇ ਲੰਘਿਆ ਵਧਿਆ ਸਾਂ

ਅੱਗ ਦੇ ਖੂਹੇ ਡੀਕ ਚੁਕਾ ਹਾਂ 

ਹੋਰ ਅੱਗ ਨਾ ਡੀਕੀ ਜਾਏ

ਹੁਣ ਤਾਂ ਯਾਰੋ ਜੰਗ ਖ਼ਤਮ ਹੈ 

ਜੰਗ ਦੀਆਂ ਬਾਤਾਂ ਨਾ ਪੁੱਛੋ

ਇਕ ਦਿਨ ਬਸ ਇਕੋ ਦਿਨ ਲਈ 

ਮੈਨੂੰ ਰਜ ਕੇ ਸੌਣ ਦਿਉ ਬਸ

ਕੀ ਮੈਂ ਜੰਗ ਨਹੀਂ ਕੀਤਾ ਹੈ ?

📝 ਸੋਧ ਲਈ ਭੇਜੋ