(੧)
ਝੂਠ ਬੋਲਦੇ ਨੇ
ਇਹ ਜਹਾਜ਼ ਬੱਚਿਓ !
ਇਨ੍ਹਾਂ ਦਾ ਸੱਚ ਨਾ ਮੰਨਣਾ
ਤੁਸੀਂ ਖੇਡਦੇ ਰਹੋ
ਘਰ ਬਨਾਉਣ ਬਨਾਉਣ………
(੨)
ਠੰਡਾ ਚੰਨ ਪਿਆ ਬਿੱਟ ਬਿੱਟ ਤੱਕੇ
ਧੁੰਦ 'ਚ ਉੱਤਰਦੀ ਹਵਾਈ-ਛਤਰੀ
ਡੋਰਾਂ 'ਚ ਫਸੀ ਹੋਈ ਲਾਸ਼
ਆਓ ਦੇਖੋ-
ਉਨ੍ਹਾਂ ਨੇ ਮੁੱਲ ਪਾਇਆ ਹੈ
ਪੋਹ ਦੀ ਚਾਂਨਣੀ ਦਾ
ਆਓ ਦੇਖੋ-
ਉਨ੍ਹਾਂ ਦੇ ਕੰਮ ਆਈ ਹੈ
ਗ਼ਰੀਬ ਦੀ ਜਵਾਨੀ………
(੩)
ਰੇਡੀਓ ਨੂੰ ਆਖੋ
ਸੁਹੰ ਖਾ ਕੇ ਤਾਂ ਕਹੇ
ਧਰਤੀ ਜੇ ਮਾਂ ਹੁੰਦੀ ਤਾਂ' ਕਿਸ ਦੀ ?
ਇਹ ਪਾਕਿਸਤਾਨੀਆਂ ਦੀ ਕੀ ਹੋਈ ?
ਤੇ 'ਭਾਰਤ' ਵਾਲਿਆਂ ਦੀ ਕੀ ਲੱਗੀ ?
(੪)
ਚੋਰੋ, ਵੇ ਚੋਰੋ !
ਆਪਣਾ ਮਾਲ ਵੰਡਣ ਲਈ
ਕਿਤੇ ਬਾਹਰ ਜਾ ਕੇ ਲੜੋ
ਜਾਗ ਹੀ ਨਾ ਉੱਠਣ ਮਤਾਂ ਘਰ ਵਾਲੇ
ਸੁਣਿਆ
ਬੁਰੀ ਹੁੰਦੀ ਹੈ ਵਾਹਰ ਦੀ ਕੁੱਟ…………
(੫)
ਉਹ ਰੇਡੀਓ ਨਹੀਂ ਸੁਣਦੇ
ਅਖ਼ਬਾਰਾਂ ਨਹੀਂ ਪੜ੍ਹਦੇ
ਜਹਾਜ਼ ਖੇਤਾਂ ਵਿਚ ਹੀ ਦੇ ਜਾਂਦੇ ਹਨ ਖ਼ਬਰ ਸਾਰ
ਮੁੰਨੇ ਨੂੰ ਮੁੱਠ ਵਿਚ ਘੁੱਟ ਕੇ
ਉਹ ਕੇਵਲ ਹੱਸ ਛੱਡਦੇ ਹਨ
ਕਿਉਂਕਿ ਉਹ ਸਮਝਦੇ ਹਨ
ਕਿ ਹਲ ਦੀ ਵੇਲ ਕਮਲੀ ਨਹੀਂ
ਕਮਲੀ ਤਾਂ ਤੋਪ ਹੁੰਦੀ ਹੈ
(੬)
ਅਸੀਂ ਹਨ੍ਹੇਰੀ ਨੁੱਕਰ ਦੇ ਵਿਚ
ਗੁੰਮ ਸੁੰਮ ਬੈਠੇ ਸੋਚ ਰਹੇ ਹਾਂ
ਹੋਰ ਘੜੀ ਤਾਈਂ ਚੰਨ ਚੜ੍ਹੇਗਾ
ਭੁਰਿਆ ਭੁਰਿਆ
ਖੁੱਸਿਆ ਖੁੱਸਿਆ
ਤਾਂ ਬੱਚਿਆਂ ਨੂੰ ਆਖਾਂਗੇ
ਐਸ ਤਰ੍ਹਾਂ ਦਾ ਚੰਨ ਹੁੰਦਾ ਏ ?