ਸ਼ੰਕਾ, ਝਿਜਕ, ਨਿਰਾਸ਼ਾ, ਨ੍ਹੇਰਾ,
ਅਜ ਕਾਫਲੇ ਵਾਲੇ ਕਿੰਜ ਉਪਰਾਮ ਜਹੇ ਨੇ
ਸੀਨੇ ਖਿੱਚ ਕਿਸੇ ਮੰਜ਼ਲ ਦੀ
ਦਿਲ ਵਿਚ ਕੋਈ ਪੁਕਾਰ ਨਹੀਂ ਹੈ
ਹੋਰ ਕਿਸੇ ਰਾਹਜ਼ਨ ਦਾ ਡਰ ਇਕ ਪਾਸੇ
ਆਪੋ ਵਿਚ ਇਤਬਾਰ ਨਹੀਂ ਹੈ
ਜੰਗਲ ਦੇ ਵਿਚ ਰਾਤ ਪਈ ਹੈ
ਜੰਗਲ ਦੇ ਵਿਚ ਰਾਤ ਪਈ ਹੈ
ਚਾਰ ਚੁਫੇਰੇ ਘੁੱਪ ਹਨੇਰੇ ਭੈ ਦਾ ਪਹਿਰਾ
ਤਹਿਕ ਦਿਲਾਂ ਵਿਚ
ਜਿਦਾਂ ਤ੍ਰਾਸ ਤ੍ਰਾਸ ਕਰਦੀਆਂ
ਡੋਲਣ ਝਿਜਕਣ ਕਦਮ ਭਰਦੀਆਂ
ਫੁੱਲਾਂ ਦੇ ਵਿਚ ਜ਼ਹਿਰ ਦੀਆਂ ਪੋਟਲੀਆਂ ਚੁੱਕੀ
ਕਾਲੇ ਫਨੀਅਰ ਨਾਗ ਸ਼ੂਕਦੇ
ਸੱਜੇ ਖੱਬੇ ਸ਼ੇਰ ਗਰਜਦੇ
ਭੁੱਖੇ ਕਈ ਬਘਿਆੜ ਹੂਕਦੇ
ਜੰਗਲ ਦੇ ਵਿਚ ਰਾਤ ਪਈ ਹੈ
ਠੀਕ ਤਰੱਕੀ ਬਹੁਤ ਹੋ ਰਹੀ
ਫੇਰ ਮਨੁੱਖਤਾ ਖ਼ੂਨ ਦੇ ਅਥਰੂ ਕਿੰਜ ਰੋ ਰਹੀ
ਮੈਂ ਪਹਿਚਾਣਾਂ
ਉੱਨਤੀ ਨੇ ਜੋ ਬਾਲ ਜਣੇ ਹਨ
ਮੰਨਦਾ ਹਾਂ ਮੈਂ
ਜੋ ਜੋ ਸੰਦ ਹਥਿਆਰ ਬਣੇ ਹਨ
ਕਿਥੇ ਜਾਣਾ
ਕਿਹੜੀ ਮੰਜ਼ਲ
ਕੌਣ ਟਿਕਾਣਾ
ਕੀ ਕਹਿੰਦਾ ਹੋ, ਚੰਨ ਸੂਰਜ ਤੋਂ ਅੱਗੇ
ਕੀ ਕਰਨਾ ਹੈ ਜਿੱਧਰ ਦਿਲ ਦਾ ਭੇਤ ਨਾ ਲੱਗੇ
ਜੰਗਲ ਦੇ ਵਿਚ ਰਾਤ ਪਈ ਹੈ
ਐਂਵੇਂ ਨਹੀਂ ਉਪਰਾਮ ਕਾਫ਼ਲੇ
ਲਾਗੋਂ ਲੰਘਦੀ
ਪਿੰਡੇ ਡੰਗਦੀ
ਜੰਗਲ ਦੀ ਇਹ ਸੀਤ ਪੌਣ ਵੀ ਜਾਪੇ ਖ਼ੂਨ ਪਿਆਸੀ
ਦੈਂਤਾਂ ਵਰਗੇ ਬਿਰਛ ਖੜੇ ਹਨ
ਘੁੱਪ ਹਨੇਰੇ ਵਿਚ ਜਿੰਨ੍ਹਾਂ ਦਾ ਝਾਉਲਾ ਪੈਂਦਾ
ਅਜੇ ਤਾਂ ਪਾਲਾ ਹੋਰ ਵਧੇਗਾ
ਜੰਗਲ ਦੇ ਵਿਚ ਰਾਤ ਪਈ ਹੈ
ਕਦੀ ਕਦੀ ਕੋਈ ਨ੍ਹੇਰੇ ਵਿਚ ਟਟਿਹਣਾ ਚਮਕੇ
ਲੋ ਹੋਵੇਗੀ ਨਿੱਘ ਮਿਲੇਗਾ
ਸਮਝਣ ਕਈ ਕਾਫ਼ਲੇ ਵਾਲੇ
ਕਦੀ ਟਟਿਹਣੇ ਨਿੱਘ ਨਹੀਂ ਦਿੰਦੇ
ਇਹ ਤਾਂ ਆਪਣੀ ਕਾਮ ਚੇਸ਼ਟਾ ਵਿਚ ਭੁਟਕਦੇ
ਜੰਗਲ ਦੇ ਵਿਚ ਰਾਤ ਪਈ ਹੈ।